

ਟਰਾਈਡੈਂਟ ਗਰੁੱਪ ਦੇ ਮੈਗਾ ਮੈਡੀਕਲ ਕੈਂਪ ’ਚ ਮਾਹਰ ਡਾਕਟਰਾਂ ਨੇ ਦੱਸੇ ਤੰਦਰੁਸਤ ਰਹਿਣ ਦੇ ਨੁਕਤੇ
ਤੀਜ਼ੇ ਪੜ੍ਹਾਅ ਦੇ ਦੂਜੇ ਦਿਨ ਕੈਂਪ ’ਚ ਵੱਡੀ ਗਿਣਤੀ ’ਚ ਪੁੱਜੇ ਮਰੀਜ਼ਾਂ ਨੇ ਕਰਵਾਇਆ ਇਲਾਜ਼
ਬਰਨਾਲਾ, 13 ਨਵੰਬਰ (ਹਿਮਾਂਸ਼ੂ ਗੋਇਲ) : ਟਰਾਈਡੈਂਟ ਗਰੁੱਪ ਦੁਆਰਾ 29 ਅਕਤੂਬਰ ਨੂੰ ਸ਼ੁਰੂ ਕੀਤੇ ਗਏ ‘ਫਰੀ ਮੈਗਾ ਮੈਡੀਕਲ ਕੈਂਪ 2025’ ਦੇ 13 ਨਵੰਬਰ ਨੂੰ ਤੀਜ਼ੇ ਪੜ੍ਹਾਅ ਦੇ ਦੂਜੇ ਦਿਨ ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਮਰੀਜ਼ਾਂ ਨੇ ਜਿੱਥੇ ਸੀ.ਐੱਸ.ਪੀ. ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰਾਂ ਤੋਂ ਇਲਾਜ਼ ਕਰਵਾ ਮੁਫ਼ਤ ’ਚ ਦਵਾਈਆਂ ਹਾਸਲ ਕੀਤੀਆਂ, ਉੱਥੇ ਹੀ ਟਰਾਈਡੈਂਟ ਗਰੁੱਪ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਲਈ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ, ਸੀ.ਐੱਸ.ਆਰ. ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ. ਸ਼੍ਰੀ ਅਭਿਸ਼ੇਕ ਗੁਪਤਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਲੋਕਾਂ ਨੇ ਟਰਾਈਡੈਂਟ ਗਰੁੱਪ ਦੀ ਤਰੱਕੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅਜਿਹੇ ਕਾਰਜ ਲਗਾਤਾਰ ਜਾਰੀ ਰੱਖਣ ਦੀ ਉਮੀਦ ਪ੍ਰਗਟਾਈ। ਕੈਂਪ ਵਿੱਚ ਟਰਾਈਡੈਂਟ ਗਰੁੱਪ ਦੇ ਸਟਾਫ਼ ਮੈਂਬਰ ਕੈਂਪ ਇੰਚਾਰਜ ਪਵਨ ਸਿੰਗਲਾ, ਚਰਨਜੀਤ ਸਿੰਘ, ਇੰਸ. ਤਰਸੇਮ ਸਿੰਘ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ, ਰੁਪਿੰਦਰ ਕੌਰ, ਰੀਚਾ ਪ੍ਰਭਾਕਰ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ ਅਤੇ ਨਰਿੰਦਰ ਸਿੰਘ ਮਰੀਜ਼ਾਂ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ।

– ਮਾਹਰ ਡਾਕਟਰਾਂ ਨੇ ਦੱਸੇ ਤੰਦਰੁਸਤ ਰਹਿਣ ਦੇ ਨੁਕਤੇ
ਕੈਂਪ ਦੌਰਾਨ ਮਰੀਜ਼ਾਂ ਦਾ ਇਲਾਜ਼ ਕਰ ਰਹੇ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰਾਂ ਨੇ ਮਰੀਜ਼ਾਂ ਨਾਲ ਤੰਦਰੁਸਤ ਰਹਿਣ ਦੇ ਆਮ ਨੁਕਤੇ ਵੀ ਸਾਂਝੇ ਕੀਤੇ। ਇਸ ਮੌਕੇ ਡਾ. ਸ਼ਰੌਨ ਅਠਵਾਲ ਐੱਮ.ਡੀ. ਮੈਡੀਸਨ ਨੇ ਕਿਹਾ ਕਿ ਕੈਂਪ ’ਚ ਸਾਹਮਣੇ ਆਇਆ ਕਿ ਜ਼ਿਆਦਾਤਰ ਮਰੀਜ਼ਾਂ ਨੂੰ ਸ਼ੂਗਰ ਤੇ ਬੀ.ਪੀ. ਦੀ ਸਮੱਸਿਆ ਤੋਂ ਪੀੜ੍ਹਤ ਹਨ। ਜਿਸ ’ਤੇ ਸ਼ੁਰੂਆਤੀ ਸਮੇਂ ਦੌਰਾਨ ਹੀ ਕੰਟਰੋਲ ਨਾ ਕਰਨ ਕਾਰਨ ਮਰੀਜ਼ਾਂ ਨੂੰ ਹੋਰ ਗੰਭੀਰ ਬਿਮਾਰੀਆਂ ਵੀ ਘੇਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੀਪੀ ਅਤੇ ਸ਼ੂਗਰ ਦੀ ਸ਼ੁਰੂਆਤ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਸ਼ੂਗਰ ਦੇ ਮਰੀਜ਼ ਨੂੰ ਜ਼ਿਆਦਾ ਪਿਆਸ ਲੱਗਣੀ, ਵਾਰ-ਵਾਰ ਪਿਸ਼ਾਬ ਆਉਣਾ (ਖਾਸ ਕਰਕੇ ਰਾਤ ਨੂੰ), ਥਕਾਵਟ ਅਤੇ ਭਾਰ ਘਟਣਾ ਮੁੱਖ ਲੱਛਣ ਹੋ ਸਕਦੇ ਹਨ, ਜਦੋਂ ਕਿ ਬੀਪੀ ਦੀ ਸਮੱਸਿਆ ਜ਼ਿਆਦਾਤਰ ਮਾਮਲਿਆਂ ਵਿੱਚ ਕੋਈ ਸਪੱਸ਼ਟ ਲੱਛਣ ਨਹੀਂ ਦਿਖਾਉਂਦੀ, ਜਿਸ ਕਾਰਨ ਇਸ ਨੂੰ ‘ਸਾਈਲੈਂਟ ਕਿੱਲਰ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਨਿਯਮਤ ਕਸਰਤ ਕਰਨਾ, ਫਾਸਟ ਫੂਡ ਤੋਂ ਪਰਹੇਜ਼, ਸੰਤੁਲਿਤ ਅਤੇ ਘੱਟ ਨਮਕ ਵਾਲੀ ਖੁਰਾਕ ਲੈਣਾ, ਤਣਾਅ ਤੋਂ ਮੁਕਤ ਰਹਿਣਾ ਅਤੇ ਸਭ ਤੋਂ ਜ਼ਰੂਰੀ ਸਮੇਂ-ਸਮੇਂ ‘ਤੇ ਸਿਹਤ ਦੀ ਜਾਂਚ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਖਾਸ ਤੌਰ ‘ਤੇ ਤੰਬਾਕੂਨੋਸ਼ੀ ਅਤੇ ਜ਼ਿਆਦਾ ਚੀਨੀ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰਨ ਅਤੇ ਆਪਣੇ ਭਾਰ ’ਤੇ ਕੰਟਰੋਲ ਰੱਖਣ ਦੀ ਸਲਾਹ ਦਿੱਤੀ।
– ਬੱਚਿਆਂ ਨੂੰ ਡੇਂਗੂ ਅਤੇ ਖੰਘ-ਜ਼ੁਕਾਮ ਤੋਂ ਬਚਾਉਣ ਲਈ ਵਰਤੋਂ ਜ਼ਰੂਰੀ ਸਾਵਧਾਨੀਆਂ : ਡਾ. ਜੌਰਜ਼ ਜੋਸਫ਼
ਕੈਂਪ ਦੌਰਾਨ ਬੱਚਿਆਂ ਦੇ ਮਾਹਰ ਡਾਕਟਰ ਜੌਰਜ਼ ਜੋਸਫ਼ ਨੇ ਮੌਜੂਦਾ ਮੌਸਮ ਵਿੱਚ ਬੱਚਿਆਂ ਨੂੰ ਡੇਂਗੂ ਅਤੇ ਖੰਘ-ਜ਼ੁਕਾਮ ਤੋਂ ਬਚਾਉਣ ਲਈ ਮਾਪਿਆਂ ਨੂੰ ਕਈ ਜ਼ਰੂਰੀ ਸਾਵਧਾਨੀਆਂ ਦੱਸੀਆਂ। ਉਨ੍ਹਾਂ ਸਲਾਹ ਦਿੱਤੀ ਕਿ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਲਈ ਘਰਾਂ ਦੇ ਆਲੇ-ਦੁਆਲੇ, ਗਮਲਿਆਂ ਜਾਂ ਬਰਤਨਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਬੱਚਿਆਂ ਨੂੰ ਮੱਛਰਾਂ ਦੇ ਕੱਟਣ ਤੋਂ ਬਚਾਉਣ ਲਈ ਪੂਰੇ ਕੱਪੜੇ ਪਹਿਨਾਉਣੇ ਅਤੇ ਮੱਛਰ ਭਜਾਉਣ ਵਾਲੇ ਉਪਾਅ ਕਰਨੇ ਜ਼ਰੂਰੀ ਹਨ। ਖੰਘ-ਜ਼ੁਕਾਮ ਤੋਂ ਬਚਣ ਲਈ ਇਮਿਊਨਿਟੀ ਵਧਾਉਣ ਵਾਲੇ ਘਰੇਲੂ ਨੁਸਖੇ ਜਿਵੇਂ ਕਿ ਹਲਦੀ ਵਾਲਾ ਦੁੱਧ, ਭਾਫ਼ ਲੈਣਾ ਅਤੇ ਤੁਲਸੀ ਦੀ ਵਰਤੋਂ, ਮਾਸਕ ਪਹਿਣਾਕੇ ਰੱਖਣ, ਠੰਡੀਆਂ ਤੇ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡਾਕਟਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਬਿਮਾਰੀ ਦੇ ਲੱਛਣਾਂ ਦੀ ਸ਼ੁਰੂਆਤ ਹੁੰਦਿਆਂ ਹੀ ਸਵੈ-ਦਵਾਈ ਦੀ ਬਜਾਏ ਮਾਹਰ ਡਾਕਟਰ ਨਾਲ ਸਲਾਹ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੇ ਬੱਚੇ ਨੂੰ ਕੋਈ ਵੀ ਬਿਮਾਰੀ ਹੈ ਤਾਂ ਸੀ.ਐੱਮ.ਸੀ. ਵੱਲੋਂ ਟਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਬਰਨਾਲਾ ’ਚ ਕੈਂਪ ਚੱਲ ਰਿਹਾ ਹੈ, ਜੋ ਕਿ 5 ਦਸੰਬਰ ਤੱਕ ਜਾਰੀ ਰਹੇਗਾ, ਇੱਥੇ ਬੱਚਿਆਂ ਦੀ ਜਾਂਚ ਜ਼ਰੂਰ ਕਰਵਾਓ।

– ਗੁਪਤਾ ਜੀ ਦਾ ਦੇਣ ਨਹੀਂ ਦੇ ਸਕਦੇ : ਮਰੀਜ਼
ਵੀਰਵਾਰ ਨੂੰ ਕੈਂਪ ਦੌਰਾਨ ਵੱਡੀ ਗਿਣਤੀ ’ਚ ਪੁੱਜੇ ਮਰੀਜ਼ਾਂ ਨੇ ਜਾਂਚ ਕਰਵਾਉਂਦਿਆਂ ਦਵਾਈਆਂ ਹਾਸਲ ਕੀਤੀਆਂ। ਕੈਂਪ ’ਚ ਪੁੱਜੀ 66 ਸਾਲਾਂ ਬਜ਼ੁਰਗ ਨਸੀਬ ਕੌਰ, ਖੁੱਡੀ ਖੁਰਦ ਤੋਂ ਪੁੱਜੇ ਬਜ਼ੁਰਗ ਨਛੱਤਰ ਸਿੰਘ, ਵਿਕਾਸ ਚੰਦਰ, ਪਿੰਡ ਚੀਮਾ ਤੋਂ ਪੁੱਜੇ ਬਜ਼ੁਰਗ ਨਾਹਰ ਸਿੰਘ, ਪਰਮਜੀਤ ਕੌਰ ਨੇ ਆਪਣਾ ਚੈੱਕਅੱਪ ਕਰਵਾਉਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਟਰਾਈਡੈਂਟ ਗਰੁੱਪ ਵੱਲੋਂ ਲਗਾਇਆ ਗਿਆ ਇਹ ਹੈ ਸੱਚਮੁੱਚ ਹੀ ਸਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਇਆ ਹੈ, ਕਿਉਂਕਿ ਸੀ.ਐੱਮ.ਸੀ. ਲੁਧਿਆਣਾ ਵਰਗੇ ਵੱਡੇ ਹਸਪਤਾਲ ਸਾਡੀ ਪਹੁੰਚ ਤੋਂ ਕੋਹਾਂ ਦੂਰ ਸਨ। ਪਰ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਦੇ ਇਸ ਨੇਕ ਉਪਰਾਲੇ ਸਦਕਾ ਸਾਨੂੰ ਸਾਡੇ ਸ਼ਹਿਰ ’ਚ ਹੀ ਇਹ ਸਹੂਲਤਾਂ ਪ੍ਰਾਪਤ ਹੋ ਗਈਆਂ, ਜਿਸ ਲਈ ਅਸੀਂ ਗੁਪਤਾ ਜੀ ਦਾ ਕਦੇ ਦੇਣ ਨਹੀਂ ਦੇ ਸਕਦੇ।


