

ਟਰਾਈਡੈਂਟ ਗਰੁੱਪ ਦਾ ‘ਫਰੀ ਮੈਗਾ ਮੈਡੀਕਲ ਕੈਂਪ’ ਇਤਿਹਾਸਕ ਸਫ਼ਲਤਾ ਵੱਲ, ਤੀਜਾ ਪੜ੍ਹਾਅ ਸਫ਼ਲਤਾਪੂਰਵਕ ਮੁਕੰਮਲ
– ਚੌਥਾ ਪੜ੍ਹਾਅ 19 ਨਵੰਬਰ ਤੋਂ
– ਸੀ.ਐੱਮ.ਸੀ. ਦੇ ਮਾਹਰ ਡਾਕਟਰਾਂ ਨੇ ਦੱਸੇ ਹਾਰਟ ਅਟੈਕ ਅਤੇ ਕੈਂਸਰ ਤੋਂ ਬਚਾਅ ਦੇ ਨੁਕਤੇ
ਬਰਨਾਲਾ, 14 ਨਵੰਬਰ (ਹਿਮਾਂਸ਼ੂ ਗੋਇਲ): ਟਰਾਈਡੈਂਟ ਗਰੁੱਪ ਵੱਲੋਂ ਸਮਾਜ ਸੇਵਾ ਦੀ ਇੱਕ ਅਦੁੱਤੀ ਮਿਸਾਲ ਪੇਸ਼ ਕਰਦਿਆਂ 29 ਅਕਤੂਬਰ ਨੂੰ ਸ਼ੁਰੂ ਕੀਤੇ ਗਏ ‘ਫਰੀ ਮੈਗਾ ਮੈਡੀਕਲ ਕੈਂਪ 2025’ ਦਾ ਤੀਜਾ ਪੜ੍ਹਾਅ 14 ਨਵੰਬਰ ਨੂੰ ਸ਼ਾਨਦਾਰ ਸਫ਼ਲਤਾ ਨਾਲ ਮੁਕੰਮਲ ਹੋ ਗਿਆ ਹੈ। ਇਸ ਕੈਂਪ ਪ੍ਰਤੀ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ, ਇਸ ਦਾ ਚੌਥਾ ਪੜ੍ਹਾਅ ਹੁਣ 19 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਕੈਂਪ 5 ਦਸੰਬਰ ਤੱਕ ਚੱਲੇਗਾ। ਸ਼ੁੱਕਰਵਾਰ ਨੂੰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ ਪੁੱਜੇ, ਜਿਨ੍ਹਾਂ ਨੇ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰਾਂ ਤੋਂ ਮੁਫ਼ਤ ਚੈੱਕਅੱਪ ਕਰਵਾ ਕੇ ਦਵਾਈਆਂ ਹਾਸਲ ਕੀਤੀਆਂ। ਇਸ ਮੌਕੇ ਮਾਹਰ ਡਾਕਟਰਾਂ ਨੇ ਹਾਰਟ ਅਟੈਕ ਅਤੇ ਕੈਂਸਰ ਤੋਂ ਬਚਾਅ ਦੇ ਨੁਕਤੇ ਵੀ ਦੱਸੇ।

– ਕੈਂਸਰ ਤੋਂ ਬਚਾਅ ਅਤੇ ਸ਼ੁਰੂਆਤੀ ਇਲਾਜ : ਡਾ. ਦੇਵਾਫਰੇ
ਕੈਂਸਰ ਰੋਗ ਦੇ ਸਪੈਸ਼ਲਿਸਟ ਡਾ. ਦੇਵਾਫਰੇ ਨੇ ਦੱਸਿਆ ਕਿ ਲੋਕ ਅਕਸਰ ਆਪਣੀ ਸਿਹਤ ਪ੍ਰਤੀ ਅਣਗਹਿਲੀ ਕਰਦੇ ਹਨ, ਜਿਸ ਕਾਰਨ ਜੇਕਰ ਕੋਈ ਵੱਡੀ ਬਿਮਾਰੀ ਹੋਵੇ ਤਾਂ ਉਸ ਦਾ ਪਤਾ ਨਹੀਂ ਲੱਗਦਾ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਸ਼ੁਰੂਆਤੀ ਸਮੇਂ ਵਿੱਚ ਹੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਪਤਾ ਲੱਗ ਜਾਵੇ, ਤਾਂ ਇਸ ਦਾ ਇਲਾਜ਼ ਸੰਭਵ ਹੈ। ਉਹਨਾਂ ਨੇ ਦੱਸਿਆ ਕਿ ਛਾਤੀ, ਹੱਥ ਜਾਂ ਪੇਟ ਵਿੱਚ ਸੋਜ਼ਿਸ਼, ਬੱਚੇਦਾਨੀ ਵਿੱਚ ਬਲੀਡਿੰਗ, ਪੇਸ਼ਾਬ ਵਿੱਚ ਖ਼ੂਨ ਆਉਣਾ ਆਦਿ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਸ ਲਈ, ਅਜਿਹਾ ਕੋਈ ਵੀ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਡਾਕਟਰ ਨੂੰ ਦਿਖਾਓ। ਨਾਲ ਹੀ, ਸਮੋਕਿੰਗ, ਸ਼ਰਾਬ, ਤੰਬਾਕੂ ਅਤੇ ਡਰੱਗਜ਼ ਦੇ ਸੇਵਨ ਤੋਂ ਪਰਹੇਜ਼ ਰੱਖਣ ਅਤੇ ਆਪਣਾ ਭਾਰ ਕੰਟਰੋਲ ਵਿੱਚ ਰੱਖਣ ਦੀ ਸਲਾਹ ਦਿੱਤੀ।

– ਦਿਲ ਦੀਆਂ ਬਿਮਾਰੀਆਂ ਨੂੰ ਹਲਕੇ ‘ਚ ਨਾ ਲਓ: ਡਾ. ਨਵਕਿਰਨ
ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਨਵਕਿਰਨ ਨੇ ਦੱਸਿਆ ਕਿ ਛਾਤੀ ਵਿੱਚ ਦਰਦ, ਸਾਹ ਚੜ੍ਹ ਜਾਣਾ, ਚੱਕਰ ਆਉਣਾ, ਧੜਕਨ ਦਾ ਤੇਜ਼ ਹੋਣਾ ਅਤੇ ਜ਼ਿਆਦਾ ਪਸੀਨਾ ਆਉਣਾ ਦਿਲ ਦੀਆਂ ਗੰਭੀਰ ਬਿਮਾਰੀਆਂ ਦੇ ਲੱਛਣ ਹਨ। ਉਹਨਾਂ ਚੇਤਾਵਨੀ ਦਿੱਤੀ ਕਿ ਸ਼ੂਗਰ, ਬੀ.ਪੀ., ਕਿਡਨੀਆਂ ਦੀ ਸਮੱਸਿਆ ਜਾਂ ਮੋਟਾਪੇ ਵਾਲੇ ਲੋਕਾਂ ਨੂੰ ਹਾਰਟ ਅਟੈਕ ਆਉਣ ਦੇ ਜ਼ਿਆਦਾ ਚਾਂਸ ਹੁੰਦੇ ਹਨ। ਉਹਨਾਂ ਨੇ ਰੋਜ਼ਾਨਾ ਸੈਰ ਕਰਨ, ਸ਼ੂਗਰ ਅਤੇ ਬੀ.ਪੀ. ਨੂੰ ਕੰਟਰੋਲ ਵਿੱਚ ਰੱਖਣ, ਵਜ਼ਨ ਨਾ ਵਧਣ ਦੇਣ ਅਤੇ ਤਲੀਆਂ ਚੀਜ਼ਾਂ ਜਾਂ ਫਾਸਟ ਫੂਡ ਤੋਂ ਪਰਹੇਜ਼ ਰੱਖਣ ਦੀ ਸਲਾਹ ਦਿੱਤੀ। ਉਹਨਾਂ ਨੇ ਖਾਸ ਤੌਰ ‘ਤੇ ਕਿਹਾ ਕਿ ਛਾਤੀ ਜਾਂ ਪੇਟ ਵਿੱਚ ਦਰਦ ਨੂੰ ਗੈਸ ਸਮਝਕੇ ਬੈਠਣ ਦੀ ਅਣਗਹਿਲੀ ਨਾ ਕਰੋ ਅਤੇ ਤੁਰੰਤ ਡਾਕਟਰ ਨੂੰ ਦਿਖਾਓ। ਦਿਲ ਦੀ ਸਮੱਸਿਆ ਆਉਣ ‘ਤੇ ਅਫ਼ੀਮ ਖਾਣ ਵਰਗੀਆਂ ਗਲਤ ਮਿੱਥਾਂ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ।
– ਮਰੀਜ਼ਾਂ ਨੇ ਪ੍ਰਗਟਾਈ ਗੁਪਤਾ ਜੀ ਦੀ ਸ਼ੁਕਰਗੁਜ਼ਾਰ:-ਸ਼ੁੱਕਰਵਾਰ ਨੂੰ ਕੈਂਪ ਵਿੱਚ ਪੁੱਜੇ ਹਜ਼ਾਰਾਂ ਮਰੀਜ਼ਾਂ ਨੇ ਆਪਣਾ ਚੈੱਕਅੱਪ ਕਰਵਾਉਣ ਉਪਰੰਤ ਟਰਾਈਡੈਂਟ ਗਰੁੱਪ ਦੇ ਇਸ ਮਹਾਨ ਉਪਰਾਲੇ ਲਈ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ, ਸੀ.ਐੱਸ.ਆਰ. ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ. ਸ਼੍ਰੀ ਅਭਿਸ਼ੇਕ ਗੁਪਤਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪਿੰਡ ਉੱਪਲੀ ਤੋਂ ਪੁੱਜੀ 60 ਸਾਲਾਂ ਗੁਰਮੀਤ ਕੌਰ, 63 ਸਾਲਾਂ ਬਲਵਿੰਦਰ ਕੌਰ, 62 ਸਾਲਾਂ ਸਰਬਜੀਤ ਕੌਰ, 63 ਸਾਲਾਂ ਬਲਵਿੰਦਰ ਕੌਰ, ਕ੍ਰਿਸ਼ਨ ਕੁਮਾਰ, ਦੇਵਾਂਤੀ ਦੇਵੀ ਆਦਿ ਮਰੀਜ਼ਾਂ ਨੇ ਕਿਹਾ ਕਿ ਸੀ.ਐੱਮ.ਸੀ. ਲੁਧਿਆਣਾ ਵਰਗੇ ਵੱਡੇ ਹਸਪਤਾਲ ਉਹਨਾਂ ਦੀ ਪਹੁੰਚ ਤੋਂ ਬਹੁਤ ਦੂਰ ਸਨ, ਪਰ ਗੁਪਤਾ ਜੀ ਦੇ ਇਸ ਨੇਕ ਉਪਰਾਲੇ ਸਦਕਾ ਉਹਨਾਂ ਨੂੰ ਇਹ ਸਹੂਲਤਾਂ ਉਹਨਾਂ ਦੇ ਸ਼ਹਿਰ ਵਿੱਚ ਹੀ ਪ੍ਰਾਪਤ ਹੋ ਗਈਆਂ, ਜਿਸ ਲਈ ਉਹ ਗੁਪਤਾ ਜੀ ਦਾ ਕਦੇ ਦੇਣ ਨਹੀਂ ਦੇ ਸਕਦੇ।
ਟਰਾਈਡੈਂਟ ਗਰੁੱਪ ਦੇ ਸਟਾਫ਼ ਮੈਂਬਰ ਜਿਵੇਂ ਕਿ ਕੈਂਪ ਇੰਚਾਰਜ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਪੰਡੋਰੀ, ਗੁਰਵਿੰਦਰ ਕੌਰ, ਰੁਪਿੰਦਰ ਕੌਰ ਨੇ ਟੋਕਨ ਤੋਂ ਲੈ ਕੇ ਡਾਕਟਰਾਂ ਤੋਂ ਜਾਂਚ ਕਰਵਾਉਣ ਅਤੇ ਦਵਾਈਆਂ ਦਵਾਉਣ ਤੱਕ ਮਰੀਜ਼ਾਂ ਦੀ ਹਰ ਸੰਭਵ ਸਹਾਇਤਾ ਕਰਕੇ ਇਸ ਕੈਂਪ ਨੂੰ ਹੋਰ ਵੀ ਸਫ਼ਲ ਬਣਾਇਆ। ਲੋਕਾਂ ਨੇ ਟਰਾਈਡੈਂਟ ਗਰੁੱਪ ਦੀ ਤਰੱਕੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅਜਿਹੇ ਕਾਰਜ ਲਗਾਤਾਰ ਜਾਰੀ ਰੱਖਣ ਦੀ ਉਮੀਦ ਪ੍ਰਗਟਾਈ।


