

ਸਰਕਾਰੀ ਸਕੂਲ ਹਮੀਦੀ ਦੀ ਜੱਸੀ ਕਰੇਗੀ ਨੈਸ਼ਨਲ ਪੱਧਰ ‘ਤੇ ਪੰਜਾਬ ਦੀ ਪ੍ਰਤੀਨਿਧਤਾ
—ਕਰਾਸ ਕੰਟਰੀ ਚਾਰ ਕਿਲੋਮੀਟਰ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਨੈਸ਼ਨਲ ਲਈ ਕੀਤਾ ਕੁਆਲੀਫਾਈ
ਬਰਨਾਲਾ, 30 ਅਕਤੂਬਰ(ਹਿਮਾਂਸ਼ੂ ਗੋਇਲ)
ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ 69ਵੀਆਂ ਸਟੇਟ ਪੱਧਰੀ ਖੇਡਾਂ ਵਿੱਚ ਹਮੀਦੀ ਸਕੂਲ ਦੀ ਬਾਰਵੀਂ ਜਮਾਤ ਦੀ ਵਿਦਿਆਰਥਨ ਜੱਸੀ ਕੌਰ ਨੇ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਚਮਕਾਇਆ।
ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਨੇ ਖਿਡਾਰਣ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜਾਹਿਰ ਕਰਦਿੰਆਂ ਕਿਹਾ ਕਿ 69ਵੀਆਂ ਸਟੇਟ ਪੱਧਰੀ ਖੇਡਾਂ ਵਿੱਚ ਖਿਡਾਰਣ ਜੱਸੀ ਕੌਰ ਨੇ ਕਰਾਸ ਕੰਟਰੀ ਚਾਰ ਕਿਲੋਮੀਟਰ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਨੈਸ਼ਨਲ ਲਈ ਕੁਆਲੀਫਾਈ ਕਰ ਲਿਆ ਹੈ। ਉਹਨਾਂ ਅੱਗੇ ਦੱਸਿਆ ਕਿ ਸਾਡੀ ਇੱਕ ਹੋਰ ਹੋਣਹਾਰ ਵਿਦਿਆਰਥੀ ਰਮਨਦੀਪ ਕੌਰ ਜਮਾਤ ਸੱਤਵੀਂ ਨੇ ਸਟੇਟ ਪੱਧਰ ਰਿਲੇਅ ਰੇਸ 4×100 ਵਿੱਚੋਂ ਬਰਾਉਂਜ ਮੈਡਲ ਜਿੱਤਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਨੀਤਇੰਦਰ ਸਿੰਘ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹਮੀਦੀ ਦੇ ਪ੍ਰਿੰਸੀਪਲ ਇਨਚਾਰਜ ਮੈਡਮ ਸਕੁੰਤਲਾ ਦੇਵੀ ਅਤੇ ਕੋਚ ਡੀਪੀ ਸ. ਲਖਵੀਰ ਸਿੰਘ ਨੇ ਦੱਸਿਆ ਕਿ ਜੱਸੀ ਕੌਰ ਨੈਸ਼ਨਲ ਪੱਧਰ ‘ਤੇ ਪੰਜਾਬ ਦੀ ਨੁਮਾਇੰਦਗੀ ਕਰਦੀ ਨਜ਼ਰ ਆਵੇਗੀ।
ਸਰਪੰਚ ਸ. ਓਮਨਦੀਪ ਸਿੰਘ ਅਤੇ ਲੈਕਚਰਾਰ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਸਕੂਲ ਦੇ ਕੁੱਲ 33 ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਵਿੱਚ ਸਟੇਟ ਪੱਧਰ ‘ਤੇ ਬਰਨਾਲੇ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ। ਜ਼ਿਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ। ਸਕੂਲ ਵਿੱਚ ਪਹੁੰਚਣ ‘ਤੇ ਦੋਨੇ ਵਿਦਿਆਰਥਨਾਂ ਦਾ ਸਮੁੱਚੀ ਨਗਰ ਪੰਚਾਇਤ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਨਗਰ ਪੰਚਾਇਤ ਅਤੇ ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਤੌਰ ‘ਤੇ ਇਹਨਾਂ ਵਿਦਿਆਰਥਨਾਂ ਅਤੇ ਕੋਚ ਲਖਵੀਰ ਸਿੰਘ, ਅਧਿਆਪਿਕਾ ਸ੍ਰੀਮਤੀ ਹਰਦੀਪ ਕੌਰ, ਅਧਿਆਪਕ ਅਮਨਿੰਦਰ ਸਿੰਘ ਵੀ ਹਾਜ਼ਰ ਸਨ।


