

ਧਨੌਲਾ ਸਕੂਲ ਵਿੱਚ ਅੱਖਾਂ ਦੀ ਜਾਂਚ ਲਈ ਮੁਫ਼ਤ ਕੈਂਪ — ਪ੍ਰੇਮ ਅੱਖਾਂ ਦਾ ਅਤੇ ਜਨਾਨਾਂ ਰੋਗਾਂ ਦਾ ਹਸਪਤਾਲ ਤੇ ਸਿਵਲ ਡਿਫੈਂਸ ਵੱਲੋਂ ਸੰਯੁਕਤ ਯਤਨ
ਬਰਨਾਲਾ, 31 ਅਕਤੂਬਰ (ਹਿਮਾਂਸ਼ੂ ਗੋਇਲ):ਸਮਾਜ ਸੇਵਾ ਤੇ ਸਿਹਤ ਜਾਗਰੂਕਤਾ ਦੇ ਪ੍ਰਤੀ ਬੱਧਤਾ ਦਰਸਾਉਂਦਿਆਂ ਪ੍ਰੇਮ ਅੱਖਾਂ ਅਤੇ ਜਨਾਨਾਂ ਰੋਗਾਂ ਦਾ ਹਸਪਤਾਲ ਬਰਨਾਲਾ ਵੱਲੋਂ ਸਿਵਲ ਡਿਫੈਂਸ ਬਰਨਾਲਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਧਨੌਲਾ ਵਿੱਚ ਮੁਫ਼ਤ ਅੱਖਾਂ ਦੀ ਜਾਂਚ ਲਈ ਕੈਂਪ ਆਯੋਜਿਤ ਕੀਤਾ ਗਿਆ।

ਸਕੂਲ ਦੀ ਪ੍ਰਿੰਸੀਪਲ ਉਰਵਸ਼ੀ ਗੁਪਤਾ ਨੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ ਅਤੇ ਇਸ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਦੀ ਨਜ਼ਰ ਸਿਹਤਮੰਦ ਹੋਵੇ ਤਾਂ ਉਹ ਆਪਣਾ ਭਵਿੱਖ ਰੌਸ਼ਨ ਬਣਾ ਸਕਦੀਆਂ ਹਨ।
ਕੈਂਪ ਦੌਰਾਨ ਡਾ. ਰੂਪੇਸ਼ ਸਿੰਗਲਾ ਦੀ ਅਗਵਾਈ ਹੇਠ ਪ੍ਰੇਮ ਹਸਪਤਾਲ ਦੀ ਡਾਕਟਰੀ ਟੀਮ ਨੇ ਸੈਂਕੜਿਆਂ ਵਿਦਿਆਰਥਣਾਂ ਦੀ ਜਾਂਚ ਕੀਤੀ। ਜਿਨ੍ਹਾਂ ਬੱਚੀਆਂ ਨੂੰ ਨਜ਼ਰ ਦੀ ਕਮੀ ਪਾਈ ਗਈ, ਉਨ੍ਹਾਂ ਨੂੰ ਮੁਫ਼ਤ ਐਨਕਾਂ ਵੀ ਪ੍ਰਦਾਨ ਕੀਤੀਆਂ ਗਈਆਂ।

ਡਾ. ਰੂਪੇਸ਼ ਸਿੰਗਲਾ ਨੇ ਅੱਖਾਂ ਦੀ ਸਿਹਤ ਬਾਰੇ ਵਿਦਿਆਰਥਣਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਹਰੀਆਂ ਸਬਜ਼ੀਆਂ ਅਤੇ ਪੌਸ਼ਟਿਕ ਖੁਰਾਕ ਅੱਖਾਂ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ, ਜਦਕਿ ਮੋਬਾਇਲ, ਲੈਪਟਾਪ ਅਤੇ ਟੈਲੀਵਿਜ਼ਨ ਦੀ ਬੇਹੱਦ ਵਰਤੋਂ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਨਜ਼ਰ ’ਤੇ ਨਕਾਰਾਤਮਕ ਅਸਰ ਪੈਂਦਾ ਹੈ।
ਇਸ ਮੌਕੇ ਅਧਿਆਪਕ ਕ੍ਰਮਵਾਰ ਰਜਿੰਦਰ ਕੌਰ, ਸੁਖਵਿੰਦਰ ਕੌਰ, ਰਸ਼ਮੀ, ਹਰਜੀਤ ਕੌਰ, ਬਲਜੀਤ ਕੌਰ, ਕਰਮਜੀਤ ਕੌਰ, ਰਾਜ ਰਾਣੀ, ਸੁਨੀਤਾ, ਸੁਖਦੀਪ ਕੌਰ, ਵੀਰਪਾਲ ਕੌਰ ਨਾਲ ਹੀ ਜ਼ਿਲ੍ਹਾ ਸੇਵਾ ਪ੍ਰਮੁੱਖ ਰਾਕੇਸ਼ ਮਿੱਤਲ ਅਤੇ ਸਿਵਲ ਡਿਫੈਂਸ ਦੇ ਹੋਰ ਮੈਂਬਰ ਮੌਜੂਦ ਸਨ।


