
ਇਹ ਟੀਕਾ ਜਾਨਵਰ ਦੇ ਕੱਟਣ ਦੇ ਤੁਰੰਤ (ਜ਼ੀਰੋ ਪਹਿਲੇ), ਤੀਸਰੇ, ਸੱਤਵੇਂ ਅਤੇ 28ਵੇਂ ਦਿਨ ਲਗਾਉਣਾ ਜ਼ਰੂਰੀ ਹੁੰਦਾ:ਜ਼ਿਲ੍ਹਾ ਐਪੀਡਿਮਾਲੋਜਿਸਟ
ਬਰਨਾਲ਼ਾ:ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਹੁਣ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਨਾਲ—ਨਾਲ ਵੱਖ—ਵੱਖ ਪਿੰਡਾਂ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਵਿੱਚ ਵੀ ਹਲਕਾਅ ਦੇ ਟੀਕੇ ਲਗਾਏ ਜਾਣਗੇ, ਇਨ੍ਹਾਂ ਸ਼ਬਦਾਂ ਪ੍ਰਗਟਾਵਾ ਕਰਦਿੰਆਂ ਸਿਵਲ ਸਰਜਨ ਬਰਨਾਲਾ ਡਾ.ਬਲਜੀਤ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਵਿਚ ਹਲਕਾਅ ਦੇ ਟੀਕਿਆਂ ਦਾ ਲਗਾਉਣਾ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਬਿੱਲੀ, ਕੁੱਤਾ, ਬਾਂਦਰ, ਨਿਓਲਾ, ਗਿੱਦੜ ਆਦਿ ਜਾਂ ਹੋਰ ਜਾਨਵਰ ਕੱਟ ਲੈਣ ਤਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਨੇੜੇ ਆਮ ਆਦਮੀ ਕਲੀਨਿਕਾਂ ਵਿੱਚ ਇਹ ਟੀਕਾ ਲਗਾ ਕੇ ਹਲਕਾਅ (ਰੈਬੀਜ਼) ਦੀ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ/ ਨੋਡਲ ਅਫ਼ਸਰ ਡਾ.ਗੁਰਬਿੰਦਰ ਕੌਰ ਅਤੇ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ.ਮੁਨੀਸ ਕੁਮਾਰ ਨੇ ਦੱਸਿਆ ਕਿ ਇਹ ਟੀਕਾ ਜਾਨਵਰ ਦੇ ਕੱਟਣ ਦੇ ਤੁਰੰਤ (ਜ਼ੀਰੋ ਪਹਿਲੇ), ਤੀਸਰੇ, ਸੱਤਵੇਂ ਅਤੇ 28ਵੇਂ ਦਿਨ ਲਗਾਉਣਾ ਜ਼ਰੂਰੀ ਹੁੰਦਾ ਹੈ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਜਾਨਵਰ ਦੇ ਕੱਟ ਲੈਣ ਉਪਰੰਤ ਦੇਸੀ ਓਹੜ—ਪੋਹੜ ਨਹੀਂ ਕਰਨਾ ਚਾਹੀਦਾ ਬਲਕਿ ਨੇੜੇ ਦੇ ਸਰਕਾਰੀ ਜ਼ਿਲ੍ਹਾ ਹਸਪਤਾਲ, ਐਸ ਡੀ ਐਚ, ਸੀ ਐਚ ਸੀ ਜਾਂ ਆਮ ਆਦਮੀ ਕਲੀਨਿਕ ਵਿਚ ਪਹੁੰਚ ਕੇ ਇਹ ਟੀਕਾ ਲਗਵਾ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਡਾਕਟਰੀ ਸਲਾਹ ਅਨੁਸਾਰ ਟੀਕਾ ਨਹੀਂ ਲਗਵਾਇਆ ਜਾਂਦਾ ਤਾਂ ਇਹ ਕਈ ਵਾਰ ਖ਼ਤਰੇ ਦਾ ਕਾਰਨ ਬਣ ਸਕਦਾ ਹੈ।ਜਿਸ ਦਾ ਬਾਅਦ ਵਿਚ ਇਲਾਜ ਅਸੰਭਵ ਹੈ।