
ਜੂਨੀਅਰ ਨੈਸ਼ਨਲ ਪਾਵਰ ਲਿਫਟਿੰਗ ‘ਚ ਜਗਰੀਤ ਕੌਰ ਬਾਠ ਨੇ ਫਿਰ ਮਾਰੀਆਂ ਮੱਲਾਂ ; ਜਿੱਤੇ ਤਿੰਨ ਗੋਲਡ ਮੈਡਲ
ਅਮਰਗੜ੍ਹ/ਸੁਖਵਿੰਦਰ ਸਿੰਘ ਅਟਵਾਲ)
ਕਦੇ ਸਮਾਂ ਸੀ ਜਦੋਂ ਲੋਕ ਕੁੜੀਆਂ ਦੀ ਤੁਲਨਾ ਚਿੜੀਆਂ ਨਾਲ ਕਰਿਆ ਕਰਦੇ ਸੀ,ਪਰ ਹੁਣ ਕੁੜੀਆਂ ਚਿੜੀਆਂ ਨਹੀਂ,ਸਗੋਂ ਬਾਜ਼ ਬਣ ਚੁੱਕੀਆਂ ਹਨ।ਇਸ ਗੱਲ ਨੂੰ ਸੱਚ ਸਾਬਤ ਕੀਤਾ ਹੈ ਜਿਲ੍ਹਾ ਮਾਲੇਰਕੋਟਲਾ ਦੇ ਪਿੰਡ ਸ਼ੇਰਗੜ੍ਹ ਚੀਮਾਂ ਦੀ ਜੰਮਪਲ ਹੋਣਹਾਰ ਧੀ ਜਗਰੀਤ ਕੌਰ ਬਾਠ ਨੇ,ਜਿਸਨੇ ਕਰਨਾਟਕਾ ਦੇ ਦਾਵਨਗਿਰੀ ਸ਼ਹਿਰ ‘ਚ ਹੋਏ ਜੂਨੀਅਰ ਨੈਸ਼ਨਲ ਪਾਵਰ ਲਿਫਟਿੰਗ ਮੁਕਾਬਲਿਆਂ ਦੌਰਾਨ 84 ਕਿਲੋਗ੍ਰਾਮ ਪਲੱਸ ਭਾਰ ਵਰਗ ‘ਚੋਂ ਕੁੱਲ 5 ਸੌ ਕਿਲੋਗ੍ਰਾਮ ਭਾਰ ਚੁੱਕ ਕੇ ਤਿੰਨ ਗੋਲਡ ਮੈਡਲ ਤੇ ਇੱਕ ਸਿਲਵਰ ਮੈਡਲ ਜਿੱਤ ਕੇ ਜਿਲਾ ਮਲੇਰਕੋਟਲਾ ਸਮੇਤ ਪੂਰੇ ਪੰਜਾਬ ਦਾ ਨਾਮ ਹੋਰ ਉੱਚਾ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜਗਰੀਤ ਨੂੰ ਸਖਤ ਮਿਹਨਤ ਕਰਵਾ ਕੇ ਸਫਲਤਾ ਦੀ ਪੌੜੀ ਦੇ ਡੰਡਿਆਂ ਨੂੰ ਹੱਥ ਪਵਾਉਣ ਵਾਲੇ ਕੋਚ ਅਮਜ਼ਦ ਖਾਨ ਨੇ ਦੱਸਿਆ ਕਿ ਭਾਵੇਂ ਮੁਕਾਬਲਾ ਬਹੁਤ ਸਖਤ ਸੀ,ਕਿਉਂਕਿ ਜਗਰੀਤ ਦੇ 87 ਕਿਲੋ ਭਾਰ ਦੇ ਮੁਕਾਬਲੇ ਕੰਪੀਟੀਸ਼ਨ ਲੜਨ ਵਾਲੀਆਂ ਹੋਰਨਾਂ ਖਿਡਾਰਨਾਂ ਦਾ ਵਜ਼ਨ 100 ਕਿਲੋ ਤੋਂ ਵੀ ਵੱਧ ਸੀ,ਪਰ ਜਗਰੀਤ ਦੀ ਮਿਹਨਤ ਤੇ ਹੌਸਲੇ ਨੇ ਇਹ ਸੰਭਵ ਕਰ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਜਿੰਨੀਆਂ ਵੀ ਜੂਨੀਅਰ ਖਿਡਾਰਨਾਂ ਭਾਗ ਲੈ ਰਹੀਆਂ ਸੀ ਉਨਾਂ ਵਿੱਚੋਂ ਜਗਰੀਤ ਨੇ ਸਭ ਤੋਂ ਜਿਆਦਾ ਭਾਰ ਚੁੱਕਿਆ ਹੈ।ਉਨ੍ਹਾਂ ਦੱਸਿਆ ਕਿ ਜਗਰੀਤ ਪਹਿਲਾਂ ਵੀ ਜਿਲ੍ਹਾ,ਪੰਜਾਬ,ਨੌਰਥ ਇੰਡੀਆ ਤੇ ਨੈਸ਼ਨਲ ਖੇਡ ਕੇ 11 ਸੋਨ ਤਗਮੇ ਜਿੱਤ ਚੁੱਕੀ ਹੈ, ਜਿਨਾਂ ਦੀ ਕੁੱਲ ਗਿਣਤੀ ਹੁਣ 13 ਹੋ ਗਈ ਹੈ। ਇਸ ਤੋਂ ਇਲਾਵਾ ਜਗਰੀਤ ਦੋ ਵਾਰ ‘ਸਟਰੋਂਗ ਵੋਮੈਂਨ’ ਦਾ ਖਿਤਾਬ ਵੀ ਆਪਣੇ ਨਾਮ ਕਰਵਾ ਚੁੱਕੀ ਹੈ। ਆਪਣੀ ਇਸ ਜਿੱਤ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਜਗਰੀਤ ਨੇ ਜਿੱਥੇ ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਅਮਜ਼ਦ ਖਾਨ ਤੇ ਆਪਣੀ ਮਾਤਾ ਰਣਵੀਰ ਕੌਰ ਦੇ ਸਿਰ ਬੰਨਿਆ ਹੈ,ਉੱਥੇ ਹੀ ਆਪਣੇ ਅਗਲੇ ਨਿਸ਼ਾਨੇ ਬਾਰੇ ਦੱਸਦੇ ਹੋਏ ਉਸ ਨੇ ਕਿਹਾ ਕਿ ਖੇਡੋ ਵਤਨ ਪੰਜਾਬ ਦੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਆਪਣੇ ਜਿਲ੍ਹੇ ਦਾ ਨਾਮ ਹੋਰ ਚਮਕਾਉਣਾ ਹੈ।