
ਡਿਪਟੀ ਕਮਿਸ਼ਨਰ ਵਲੋਂ ਐਨਕਾਰਡ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ
113 ਪੰਚਾਇਤਾਂ ਵਲੋਂ ਨਸ਼ਿਆਂ ਵਿਰੁੱਧ ਮਤੇ ਪਾਏ ਗਏ: ਐੱਸ ਐੱਸ ਪੀ
ਅਪ੍ਰੈਲ ਤੋਂ ਮਈ ਦੌਰਾਨ ਮੈਡੀਕਲ ਸਟੋਰਾਂ ਦੀ ਚੈਕਿੰਗ ਦੌਰਾਨ 24 ਫਰਮਾਂ ਦੇ ਲਾਇਸੰਸ ਮੁਅੱਤਲ
ਬਰਨਾਲਾ
ਜ਼ਿਲ੍ਹਾ ਬਰਨਾਲਾ ਵਿੱਚ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਵਿਭਾਗ ਤੇ ਸਿਹਤ ਵਿਭਾਗ ਵਲੋਂ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਓਥੇ ਨਸ਼ਾ ਤਸਕਰਾਂ ‘ਤੇ ਵੀ ਸ਼ਿਕੰਜਾ ਕਸਿਆ ਜਾ ਰਿਹਾ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵਲੋਂ ਇਥੇ ਐਨਕਾਰਡ (ਨੈਸ਼ਨਲ ਨਾਰਕੋਟਿਕਸ ਕੋਆਰਡੀਨੇਸ਼ਨ ਪੋਰਟਲ) ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਬਰਨਾਲਾ ਪੁਲੀਸ ਵਲੋਂ ਪਹਿਲੀ ਜਨਵਰੀ 2025 ਤੋਂ ਲੈ ਕੇ 24 ਜੂਨ 2025 ਤੱਕ 51738 ਨਸ਼ੀਲੀਆਂ ਗੋਲੀਆਂ, 25031 ਨਸ਼ੀਲੇ ਕੈਪਸੂਲ, 571 ਗ੍ਰਾਮ ਹੈਰੋਇਨ, 39700 ਰੁਪਏ ਡਰੱਗ ਮਨੀ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਅਤੇ 12 ਵਾਹਨ ਜ਼ਬਤ ਕੀਤੇ ਗਏ।
ਓਨ੍ਹਾਂ ਦੱਸਿਆ ਕਿ ਪਿਛਲੇ 6 ਮਹੀਨਿਆਂ ਦੌਰਾਨ ਐਨਡੀਪੀਐਸ ਅਧੀਨ 152 ਕੇਸ ਦਰਜ ਕੀਤੇ ਗਏ ਹਨ। ਓਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 1069 ਜਾਗਰੂਕਤਾ ਸੈਮੀਨਾਰ ਲਾਏ ਗਏ ਹਨ ਅਤੇ 254 ਕਾਸੋ ਅਪ੍ਰੇਸ਼ਨ ਕੀਤੇ ਗਏ ਹਨ। ਓਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ 113 ਪੰਚਾਇਤਾਂ ਵਲੋਂ ਨਸ਼ਿਆਂ ਵਿਰੁੱਧ ਮਤੇ ਪਾਏ ਗਏ ਹਨ।
ਇਸ ਮੌਕੇ ਡਰੱਗ ਕੰਟਰੋਲ ਅਫ਼ਸਰ ਪਰਨੀਤ ਕੌਰ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ 35 ਇੰਸਪੈਕਸ਼ਨਾਂ ਕੀਤੀਆਂ ਗਈਆਂ ਅਤੇ 11 ਫਰਮਾਂ ਦੇ ਲਾਇਸੈਂਸ ਵੱਖ ਵੱਖ ਸਮੇਂ ਲਈ ਮੁਅੱਤਲ ਕੀਤੇ ਗਏ। ਮਈ ਵਿੱਚ 37 ਇੰਸਪੈਕਸ਼ਨਾਂ ਕੀਤੀਆਂ ਗਈਆਂ ਤੇ 5 ਕਾਸਮੈਟਿਕ ਦੇ ਸੈਂਪਲ ਲਏ ਗਏ ਤੇ 13 ਫਰਮਾਂ ਦੇ ਲਾਇਸੈਂਸ ਵੱਖ ਵੱਖ ਸਮੇਂ ਲਈ ਮੁਅੱਤਲ ਕੀਤੇ ਗਏ।
ਇਸ ਮਹੀਨੇ ਦੌਰਾਨ ਹੁਣ ਤਕ 25 ਇੰਸਪੈਕਸ਼ਨਾਂ ਕੀਤੀਆਂ ਗਈਆਂ। ਪੁਲੀਸ ਦੇ ਸਹਿਯੋਗ ਨਾਲ ਚੈਕਿੰਗ ਦੌਰਾਨ 15 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਤੇ 3 ਤਰ੍ਹਾਂ ਦੇ ਸੈਂਪਲ ਲਏ ਗਏ।
ਓਨ੍ਹਾਂ ਦੱਸਿਆ ਕਿ 12 ਜੂਨ ਨੂੰ ਪੁਲਿਸ ਨਾਲ ਸਾਂਝੇ ਤੌਰ ‘ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮੀਰਾ ਫਾਰਮੇਸੀ ਨਵਾਂ ਬੱਸ ਸਟੈਂਡ ਰੋਡ ਬਰਨਾਲਾ ਤੋਂ ਬਿਨਾਂ ਲਾਇਸੈਸ ਦੇ 15 ਤਰ੍ਹਾਂ ਦੀਆਂ ਦਵਾਈਆਂ ਸੀਜ਼ ਕੀਤੀਆਂ ਗਈਆਂ ਤੇ 03 ਤਰ੍ਹਾਂ ਦੇ ਸੈਂਪਲ ਲਏ ਗਏ। ਇਸ ਤੋਂ ਇਲਾਵਾ ਤਪਾ ਵਿੱਚ ਆਸ਼ੂ ਜਨਰਲ ਸਟੋਰ ਤੋਂ ਮੱਝਾਂ ਦੇ ਲਾਉਣ ਵਾਲੇ ਟੀਕਿਆਂ ਦਾ ਸੈਂਪਲ ਲਿਆ ਗਿਆ। 23 ਜੂਨ ਨੂੰ ਪਿੰਡ ਢਿੱਲਵਾਂ ਤਹਿਸੀਲ ਤਪਾ ਵਿੱਚ ਇੰਸਪੈਕਸ਼ਨ ਕੀਤੀ ਗਈ। ਇੰਸਪੈਕਸ਼ਨ ਦੇ ਦੌਰਾਨ 25 ਪ੍ਰਕਾਰ ਦੀਆਂ ਦਵਾਈਆਂ ਸੀਜ਼ ਕੀਤੀਆਂ ਗਈਆਂ ਅਤੇ 2 ਤਰ੍ਹਾਂ ਦੀਆਂ ਦਵਾਈਆਂ ਦੇ ਸੈਂਪਲ ਲਏ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਤੋਂ ਨਸ਼ਾ ਛੁਡਾਊ ਇਲਾਜ ਅਤੇ ਹੋਰ ਗਤੀਵਿਧੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿਚ ਜਿੱਥੇ ਨਸ਼ਿਆਂ ਵਿਰੁੱਧ ਸਲੋਗਨ ਲਗਾਏ ਜਾਣ, ਓਥੇ ਮਾਪੇ ਅਧਿਆਪਕ ਮਿਲਣੀ ਵਿਚ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਐੱਸ ਪੀ ਰਾਜੇਸ਼ ਛਿੱਬਰ, ਐਸਡੀਐਮ ਬਰਨਾਲਾ ਹਰਪ੍ਰੀਤ ਸਿੰਘ ਅਟਵਾਲ, ਐੱਸਡੀਐਮ ਤਪਾ ਸਿਮਰਪ੍ਰੀਤ ਕੌਰ, ਸਿਵਲ ਸਰਜਨ ਬਲਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।