
ਮਹਿਲਕਲਾਂ/ਹਿਮਾਂਸ਼ੂ ਗੋਇਲ
ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੇ ਨੇਤ੍ਰਤਵ ਹੇਠ ਬਣੇਗੀ ਕਿਉਂਕਿ ਉਹ ਮੁੱਦੇ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਸੀ, ਉਹ ਮੁੱਦੇ ਹੁਣ ਇਸ ਸਰਕਾਰ ਦੀ ਕਥਨੀ ਤੇ ਕਰਨੀ ਤੋਂ ਕੋਸਾਂ ਦੂਰ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਮਹਿਲਕਲਾਂ ਤੋਂ ਟਿਕਟ ਦੇ ਮਜ਼ਬੂਤ ਦਾਵੇਦਾਰ ਅਤੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਚੇਅਰਮੈਨ ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਡੇਅਰੀਵਾਲਾ ਨੇ ਪ੍ਰੈਸ ਬਿਆਨ ਰਾਹੀਂ ਕੀਤਾ।
ਉਨ੍ਹਾਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਬਰਨਾਲਾ ਤੋਂ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹਲਕਾ ਮਹਿਲਕਲਾਂ ਵਿੱਚ ਬਲਾਕਾਂ ਦੀਆਂ ਮੀਟਿੰਗਾਂ ਤੋਂ ਬਾਅਦ ਇੱਕ ਪੱਤਰਕਾਰ ਨਾਲ ਗੱਲਬਾਤ ਦੌਰਾਨ ਇਹ ਗੱਲ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਰਾਜ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ ਕਿਉਂਕਿ ਸਰਕਾਰ ਦੀ ਕਥਨੀ ਤੇ ਕਰਨੀ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਅੱਜ ਕਿਸਾਨ, ਮਜ਼ਦੂਰ ਅਤੇ ਵਪਾਰੀ ਵਰਗ ਇਸ ਸਰਕਾਰ ਤੋਂ ਬਹੁਤ ਨਾਰਾਜ਼ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਅੱਜ ਆਪਣੇ ਹੱਕ ਦੀ ਮੰਗ ਕਰਨ ਵਾਲੇ ਵਪਾਰੀਆਂ, ਬੇਰੁਜ਼ਗਾਰ ਨੌਜਵਾਨਾਂ ਅਤੇ ਮਜ਼ਦੂਰਾਂ ‘ਤੇ ਜ਼ੁਲਮ ਕਰ ਰਹੀ ਹੈ। ਕੀ ਅਜਿਹਾ ਹੀ ਪੰਜਾਬ ਸ਼ਹੀਦ ਭਗਤ ਸਿੰਘ ਦਾ ਸੁਪਨਾ ਸੀ?
ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਅਧਿਕਾਰ ਖੋਹ ਕੇ ਦਿੱਲੀ ਵਾਲਿਆਂ ਨੂੰ ਦਿੱਤੇ ਜਾ ਰਹੇ ਹਨ। ਹੁਣ ਪੰਜਾਬ ਦੀ ਜਨਤਾ ਇਸ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਦਾਵਿਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੀ ਹੈ ਅਤੇ ਰਾਜ ਵਿੱਚ ਮੁੜ ਖੁਸ਼ਹਾਲੀ ਅਤੇ ਤਰੱਕੀ ਲਈ ਕਾਂਗਰਸ ਪਾਰਟੀ ਦੇ ਨੇਤ੍ਰਤਵ ਹੇਠ ਸਰਕਾਰ ਵੇਖਣਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਵੱਖ-ਵੱਖ ਪਾਰਟੀਆਂ ਦੇ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ 2027 ਦੇ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਬੂਥ ਪੱਧਰ ‘ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਕਮੇਟੀਆਂ ਦੇ ਗਠਨ ਲਈ ਮੈਡਮ ਪ੍ਰਤਿਪਾਲ ਕੌਰ ਬਾਲੜਾ, ਕੋਆਰਡੀਨੇਟਰ ਹਲਕਾ ਮਹਿਲਕਲਾਂ, ਵਿਸ਼ੇਸ਼ ਤੌਰ ‘ਤੇ ਪਹੁੰਚੀਆਂ। ਜਸਮੇਲ ਸਿੰਘ ਬੱਡੀ, ਬਲਾਕ ਪ੍ਰਧਾਨ ਸ਼ੇਰਪੁਰ, ਪਰਮਿੰਦਰ ਸਿੰਘ ਸਮੀ, ਬਲਾਕ ਪ੍ਰਧਾਨ ਮਹਿਲਕਲਾਂ, ਬਲਵੰਤ ਸ਼ਰਮਾ, ਗੁਰਮੇਲ ਸਿੰਘ, ਮੰਜੀਤ ਸਿੰਘ (ਪੂਰਵ ਚੇਅਰਮੈਨ), ਬਹਾਦੁਰ ਸਿੰਘ, ਚਮਕੌਰ ਸਿੰਘ, ਤਰਸੇਮ ਸਿੰਘ, ਪ੍ਰਕਾਸ਼ ਸਿੰਘ, ਉਜਾਗਰ ਸਿੰਘ, ਬੱਗਾ ਸਿੰਘ — ਦੋਹਾਂ ਹੀ ਬਲਾਕਾਂ ਦੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਅਹੁਦੇਦਾਰ ਮੌਜੂਦ ਸਨ।