
ਐੱਸ.ਸੀ. ਵਰਗ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ: ਜਸਮੇਲ ਸਿੰਘ ਡੈਅਰੀਵਾਲਾ
ਕਿਹਾ, ਪੰਜਾਬ ਅੰਦਰ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਬਣੇਗੀ
ਬਰਨਾਲਾ, 31 ਮਈ (ਬਲਵਿੰਦਰ ਆਜ਼ਾਦ):- ਬਰਨਾਲਾ ਕਾਂਗਰਸ ਪਾਰਟੀ ਇੱਕ ਗੁਲਦਸ਼ਤਾ ਹੈ, ਜਿਸ ਵਿੱਚ ਹਰ ਵਰਗ ਦਾ ਫੁੱਲ ਲੱਗਿਆ ਹੋਇਆ ਹੈ ਕਿਉਂਕਿ ਕਾਂਗਰਸ ਪਾਰਟੀ ਹੀ ਦੇਸ਼ ਵਿੱਚ ਇੱਕ ਅਜਿਹੀ ਪਾਰਟੀ ਹੈ ਜੋ ਹਰ ਧਰਮ ਅਤੇ ਹਰ ਵਰਗ ਨੂੰ ਆਪਣੇ ਨਾਲ ਲੈ ਕੇ ਚੱਲਦੀ ਹੈ ਅਤੇ ਉਸਨੂੰ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦਿੰਦੀ ਆਈ ਹੈ ਅਤੇ ਦਿੰਦੀ ਰਹੇਗੀ। ਇਹ ਪ੍ਰਗਟਾਵਾ ਐੱਸ. ਸੀ ਵਿੰਗ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਚੇਅਰਮੈਨ ਜਸਮੇਲ ਸਿੰਘ ਡੈਅਰੀਵਾਲਾ ਨੇ ਠੁੱਲੀਵਾਲ ਵਿਖੇ ਮਿਹਨਤੀ ਅਤੇ ਨਿਧੜਕ ਕਾਂਗਰਸੀ ਆਗੂ ਕੇਵਲ ਸਿੰਘ ਨੂੰ ਐੱਸ.ਸੀ. ਡਿਪਾਰਟਮੈਂਟ ਜ਼ਿਲ੍ਹਾ ਬਰਨਾਲਾ ਦਾ ਨਿਯੁਕਤੀ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ, ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਅਤੇ ਸ਼੍ਰੀ ਰਾਹੁਲ ਗਾਂਧੀ ਹਮੇਸ਼ਾ ਹੀ ਐੱਸ. ਸੀ. ਵਰਗ ਨੂੰ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਕਹਿੰਦੇ ਰਹੇ ਹਨ ਕਿਉਂਕਿ ਐੱਸ.ਸੀ. ਵਰਗ ਅੱਜ ਵੀ ਕਾਂਗਰਸ ਪਾਰਟੀ ਨਾਲ ਚਟਾਨ ਵਾਂਗ ਖੜ੍ਹਾ ਹੈ। ਉਹਨਾਂ ਅੱਗੇ ਕਿਹਾ ਕਿ ਜਦੋਂ ਵੀ ਦੇਸ਼ ਜਾਂ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਐੱਸ.ਸੀ. ਵਰਗ ਦੀ ਭਲਾਈ ਲਈ ਅਨੇਕਾਂ ਕਾਰਜ ਅਤੇ ਸਕੀਮਾਂ ਕਾਂਗਰਸ ਪਾਰਟੀ ਵੱਲੋਂ ਚਲਾਈਆਂ ਗਈਆਂ ਹਨ ਜਿਸ ਕਾਰਨ ਅੱਜ ਐੱਸ.ਸੀ. ਵਰਗ ਆਤਮ ਨਿਰਭਰ ਹੋ ਕੇ ਆਪਣਾ ਖੁਸ਼ਹਾਲ ਜੀਵਨ ਜਿਉਂ ਰਿਹਾ ਹੈ। ਉਹਨਾਂ ਕਿਹਾ ਕਿ ਸਵਰਗਵਾਸੀ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਮਨਰੇਗਾ ਵਰਗੀ ਸਕੀਮ ਲਾਗੂ ਕਰਕੇ ਦੇਸ਼ ਭਰ ਵਿੱਚ ਐੱਸ.ਸੀ. ਵਰਗ ਨੂੰ ਆਤਮ ਨਿਰਭਰ ਬਣਾਇਆ ਹੈ। ਸ. ਡੈਅਰੀਵਾਲਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਵਫ਼ਾ ਹੁੰਦੇ ਦਿਖਾਈ ਨਹੀਂ ਦੇ ਰਹੇ ਹਨ, ਅੱਜ ਰੁਜ਼ਗਾਰ ਮੰਗਣ ਵਾਲੇ ਨੂੰ ਡੰਡੇ ਦੇ ਜ਼ੋਰ ਤੇ ਉਸ ਦੀ ਜ਼ੁਬਾਨ ਨੂੰ ਦਬਾਇਆ ਜਾ ਰਿਹਾ ਹੈ, ਹੱਕੀ ਮੰਗਾਂ ਮੰਗਣ ਵਾਲਿਆਂ ਨੂੰ ਜੇਲ੍ਹ ਵੀ ਡੱਕਿਆ ਜਾ ਰਿਹਾ ਹੈ, ਕਿਸਾਨ, ਮਜ਼ਦੂਰ, ਵਪਾਰੀ ਹਰ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਦੁਖੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਕਹਿਣੀ ਅਤੇ ਕਰਨੀ ਵਿੱਚ ਦੇਖੋ ਜ਼ਮੀਨ ਅਸਮਾਨ ਦਾ ਫ਼ਰਕ ਹੈ, ਜਿਸ ਕਾਰਨ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਅਤੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਖ ਫ਼ੇਰ ਚੁੱਕੀ ਹੈ ਅਤੇ ਸੂਬੇ ਅੰਦਰ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੀ ਹੈ। ਉਹਨਾਂ ਅੱਗੇ ਕਿਹਾ ਕਿ 2 ਜੂਨ ਨੂੰ ਬਰਨਾਲਾ ਦੀ ਅਨਾਜ ਮੰਡੀ ਵਿੱਚ ‘ਸੰਵਿਧਾਨ ਬਚਾਓ ਰੈਲੀ’ ਨੂੰ ਲੈ ਕੇ ਜ਼ਿਲ੍ਹੇ ਭਰ ਅੰਦਰ ਹਲਕਾ ਵਿਧਾਇਕ ਬਰਨਾਲਾ ਸ. ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਦੇਖਰੇਖ ਹੇਠ ਪਾਰਟੀ ਵਰਕਰਾਂ ਤੇ ਅਹੁਦੇਦਾਰ ਆਗੂਆਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਲਈ ਉਹਨਾਂ ਸਮੁੱਚੇ ਕਾਂਗਰਸੀ ਵਰਕਰਾਂ ਅਤੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਜੋ ਇਸ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਇਸ ਰੈਲੀ ਨੂੰ ਇਤਿਹਾਸਕ ਰੈਲੀ ਬਣਾਇਆ ਜਾ ਸਕੇ।