

ਜੇਕਰ ਚੰਨੀ ਕਦੇ ਆਪਣੀ ਪਾਰਟੀ ਬਦਲਦਾ ਹੈ, ਤਾਂ ਲੋਕ ਉਨ੍ਹਾਂ ਨੂੰ ਵੋਟਾਂ ਨਾ ਪਾਉਣ: ਚਰਨਜੀਤ ਸਿੰਘ ਚੰਨੀ
ਬਰਨਾਲਾ, 20 ਜਨਵਰੀ (ਹਿਮਾਂਸ਼ੂ ਗੋਇਲ):- ‘‘ਜੇਕਰ ਚੰਨੀ ਕਦੇ ਆਪਣੀ ਪਾਰਟੀ ਬਦਲਦਾ ਹੈ, ਤਾਂ ਲੋਕ ਉਸ ਨੂੰ ਕਦੇ ਵੀ ਆਪਣੀ ਵੋਟ ਨਾ ਪਾਉਣ, ਮੈਂ ਕਾਂਗਰਸ ਦਾ ਸਿਪਾਹੀ ਹਾਂ, ਹਮੇਸ਼ਾ ਕਾਂਗਰਸ ਪਾਰਟੀ ਲਈ ਕੰਮ ਕਰਦਾ ਰਹੂੰਗਾ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬਰਸੀ ਸਮਾਗਮ ਵਿੱਚ ਸ਼ਾਮਿਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਇਸ ਮੌਕੇ ਕਾਂਗਰਸ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਵਿਚ ਚੱਲ ਰਹੀ ਖਿਚੋਤਾਣ ਦਰਮਿਆਨ ਜ਼ੋਰ ਦੇ ਕੇ ਆਖਿਆ ਕਿ ਉਹ ‘ਕਾਂਗਰਸ ਦੇ ਸਿਪਾਹੀ’ ਹਨ ਤੇ ਰਹਿਣਗੇ। ਪਾਰਟੀ ਬਦਲਣ ਦੀਆਂ ਚਰਚਾਵਾਂ ਬਾਰੇ ਸਵਾਲਾਂ ਦੇ ਜਵਾਬ ਵਿੱਚ ਚੰਨੀ ਨੇ ਕਿਹਾ, ‘‘ਮੈਂ ਖੁੱਲ੍ਹ ਕੇ ਕਹਿੰਦਾ ਹਾਂ ਕਿ ਜੇਕਰ ਚੰਨੀ ਕਦੇ ਆਪਣੀ ਪਾਰਟੀ ਬਦਲਦਾ ਹੈ, ਤਾਂ ਲੋਕਾਂ ਨੂੰ ਉਸ ਨੂੰ ਵੋਟ ਨਹੀਂ ਪਾਉਣੀ ਚਾਹੀਦੀ।’’ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਜਨਤਕ ਮੰਗ ਦੇ ਆਧਾਰ ’ਤੇ ਮੁੱਦੇ ਉਠਾਏ ਹਨ। ਚੰਨੀ ਨੇ ਕਿਹਾ, ‘‘ਜਦੋਂ ਕਿਸਾਨ ਮੈਨੂੰ ਸੱਦਾ ਦਿੰਦੇ ਹਨ, ਮੈਂ ਉਨ੍ਹਾਂ ਲਈ ਬੋਲਦਾ ਹਾਂ। ਜਦੋਂ ਪੱਛੜੇ ਵਰਗ ਮੇਰੇ ਕੋਲ ਆਉਂਦੇ ਹਨ, ਮੈਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਉਠਾਉਂਦਾ ਹਾਂ। ਜਦੋਂ ਉੱਚ ਜਾਤੀਆਂ ਦੇ ਮੈਂਬਰ ਆਪਣੀਆਂ ਸ਼ਿਕਾਇਤਾਂ ਦਾ ਨਿਵਾਰਣ ਮੰਗਦੇ ਹਨ, ਤਾਂ ਮੈਂ ਉਨ੍ਹਾਂ ਲਈ ਇੱਕ ਕਮਿਸ਼ਨ ਬਣਾਇਆ।’’ ਚੰਨੀ ਨੇ ਜ਼ੋਰ ਦੇ ਕੇ ਆਖਿਆ ਕਿ ਮੁੱਖ ਮੰਤਰੀ ਵਜੋਂ ਆਪਣੇ ਸੰਖੇਪ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਿਸੇ ਇੱਕ ਸਮੂਹ ਲਈ ਨਹੀਂ, ਸਗੋਂ ਸਾਰੇ ਭਾਈਚਾਰਿਆਂ ਦੀ ਭਲਾਈ ਲਈ ਕੰਮ ਕੀਤਾ।’’ ਉਨ੍ਹਾਂ ਕਿਹਾ, ‘‘ਮੇਰੀ ਸਰਕਾਰ ਦਾ ਧਿਆਨ ਸਮਾਵੇਸ਼ੀ ਵਿਕਾਸ ‘ਤੇ ਸੀ।’’ ਇਸ ਮੌਕੇ ਉਹਨਾਂ ਨਾਲ ਹਲਕਾ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਜਸਮੇਲ ਸਿੰਘ ਡੈਅਰੀਵਾਲਾ ਜ਼ਿਲ੍ਹਾ ਚੇਅਰਮੈਨ ਐੱਸ. ਸੀ. ਡਿਪਾਰਟਮੈਂਟ ਬਰਨਾਲਾ ਤੇ ਸੰਭਾਵੀ ਉਮੀਦਵਾਰ ਹਲਕਾ ਮਹਿਲ ਕਲਾਂ, ਰਾਹੁਲਇੰਦਰ ਸਿੰਘ ਭੱਠਲ, ਸਾਬਕਾ ਵਿਧਾਇਕ ਪਿਰਮਲ ਸਿੰਘ ਖਾਲਸਾ ਆਦਿ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਹਾਜ਼ਰ ਸਨ।


