

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੂੰ ਆਈਸੀਐੱਸਈ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਤੱਕ ਮਾਨਤਾ, ਸਕੂਲ ਪਰਿਵਾਰ ’ਚ ਖੁਸ਼ੀ ਦੀ ਲਹਿਰ
ਇਹ ਮਾਨਤਾ ਸਕੂਲ ਟੀਮ ਦੀ ਲਗਾਤਾਰ ਮਿਹਨਤ, ਸਪਸ਼ਟ ਦ੍ਰਿਸ਼ਟੀ ਅਤੇ ਮਜ਼ਬੂਤ ਇਰਾਦਿਆਂ ਦਾ ਨਤੀਜਾ: ਸ਼ਿਵ ਸਿੰਗਲਾ
ਬਰਨਾਲਾ, 14 ਜਨਵਰੀ (ਹਿਮਾਂਸ਼ੂ ਗੋਇਲ):
ਬਰਨਾਲਾ ਦੇ ਸਿੱਖਿਆਕ ਖੇਤਰ ਲਈ ਅੱਜ ਦਾ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਸ਼ਹਿਰ ਦੀ ਪ੍ਰਸਿੱਧ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੂੰ ਆਈਸੀਐੱਸਈ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਤੱਕ ਅਧਿਕਾਰਿਕ ਮਾਨਤਾ ਮਿਲ ਗਈ ਹੈ। ਇਸ ਉਪਲਬਧੀ ਨਾਲ ਸਕੂਲ ਕੈਂਪਸ ’ਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣ ਗਿਆ ਹੈ।
ਇਹ ਪ੍ਰਾਪਤੀ ਇਸ ਕਰਕੇ ਵੀ ਖਾਸ ਮੰਨੀ ਜਾ ਰਹੀ ਹੈ ਕਿਉਂਕਿ ਸਕੂਲ ਨੇ ਸਿਰਫ਼ ਤਿੰਨ ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਹੀ ਬੋਰਡ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਿਆਂ ਇਹ ਮਾਨਤਾ ਹਾਸਲ ਕੀਤੀ ਹੈ। ਸਿੱਖਿਆ ਜਗਤ ਵਿੱਚ ਇਸਨੂੰ ਇਕ ਵੱਡੀ ਤੇ ਯਾਦਗਾਰ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼ਿਵ ਸਿੰਗਲਾ ਨੇ ਇਸ ਮੌਕੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਮਾਨਤਾ ਸਕੂਲ ਟੀਮ ਦੀ ਲਗਾਤਾਰ ਮਿਹਨਤ, ਸਪਸ਼ਟ ਦ੍ਰਿਸ਼ਟੀ ਅਤੇ ਮਜ਼ਬੂਤ ਇਰਾਦਿਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਘੱਟ ਸਮੇਂ ਵਿੱਚ ਬਾਰ੍ਹਵੀਂ ਜਮਾਤ ਤੱਕ ਪਹੁੰਚਣਾ ਆਸਾਨ ਨਹੀਂ ਹੁੰਦਾ, ਪਰ ਟੀਮ ਵਰਕ ਨਾਲ ਇਹ ਸੁਪਨਾ ਸਾਕਾਰ ਹੋਇਆ ਹੈ।
ਸ਼ਿਵ ਸਿੰਗਲਾ ਨੇ ਦੱਸਿਆ ਕਿ ਸਕੂਲ ਦਾ ਮੁੱਖ ਉਦੇਸ਼ ਸਿਰਫ਼ ਪਾਠ ਪੁਸਤਕਾਂ ਤੱਕ ਸੀਮਿਤ ਰਹਿਣਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਗਿਆਨ, ਮੁਕਾਬਲੇ ਦੀ ਤਿਆਰੀ ਅਤੇ ਭਵਿੱਖੀ ਕਰੀਅਰ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਯੋਗ ਅਧਿਆਪਕਾਂ ਅਤੇ ਆਧੁਨਿਕ ਸਹੂਲਤਾਂ ਨਾਲ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿੱਚ ਆਪਣੀ ਕਾਬਲਿਯਤ ਸਾਬਤ ਕਰਨਗੇ।
ਗਿਆਰਵੀਂ ਜਮਾਤ ਲਈ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਸਟਰੀਮਾਂ ਸ਼ੁਰੂ

ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਤਾ ਮਿਲਣ ਦੇ ਤੁਰੰਤ ਬਾਅਦ ਗਿਆਰਵੀਂ ਜਮਾਤ ਲਈ ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ ਸਟਰੀਮਾਂ ਵਿੱਚ ਦਾਖਲੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਵਿਸ਼ੇ ਲਈ ਅਨੁਭਵੀ ਅਤੇ ਮਾਹਿਰ ਅਧਿਆਪਕ ਨਿਯੁਕਤ ਕੀਤੇ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਸਮਾਰਟ ਕਲਾਸਰੂਮਾਂ, ਅਧੁਨਿਕ ਲੈਬੋਰਟਰੀਆਂ ਅਤੇ ਡਿਜੀਟਲ ਲਾਇਬ੍ਰੇਰੀ ਵਰਗੀਆਂ ਸੁਵਿਧਾਵਾਂ ਨਾਲ ਲੈਸ ਹੈ। ਪੜ੍ਹਾਈ ਦੌਰਾਨ ਨੀਟ, ਜੇਈਈ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਸੁਪਨਾ ਜੋ ਹਕੀਕਤ ਬਣਿਆ:-ਐੱਮਡੀ ਸ਼ਿਵ ਸਿੰਗਲਾ ਨੇ ਭਾਵੁਕ ਲਹਿਜ਼ੇ ਵਿੱਚ ਕਿਹਾ ਕਿ ਬਾਰ੍ਹਵੀਂ ਤੱਕ ਦੀ ਮਾਨਤਾ ਮਿਲਣਾ ਸਿਰਫ਼ ਇਕ ਦਸਤਾਵੇਜ਼ੀ ਕਾਰਵਾਈ ਨਹੀਂ, ਸਗੋਂ ਇਹ ਇਕ ਵੱਡੇ ਸੁਪਨੇ ਦੀ ਪੂਰਤੀ ਹੈ। ਉਨ੍ਹਾਂ ਕਿਹਾ ਕਿ ਸਕੂਲ ਹੁਣ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵੱਲ ਹੋਰ ਮਜ਼ਬੂਤੀ ਨਾਲ ਅੱਗੇ ਵਧੇਗਾ।
ਮਾਪਿਆਂ ਦਾ ਵਧਦਾ ਵਿਸ਼ਵਾਸ:-ਇਸ ਉਪਲਬਧੀ ਤੋਂ ਬਾਅਦ ਮਾਪਿਆਂ ਵਿੱਚ ਵੀ ਭਰੋਸਾ ਅਤੇ ਉਤਸ਼ਾਹ ਵਧਿਆ ਹੈ। ਸਕੂਲ ਪ੍ਰਬੰਧਨ ਨੇ ਵਿਸ਼ਵਾਸ ਦਿਵਾਇਆ ਕਿ ਵਿਦਿਆਰਥੀਆਂ ਦੇ ਸਰਬੰਗੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਇਲਾਕੇ ਦਾ ਨਾਮ ਰੌਸ਼ਨ ਕਰੇਗਾ।


