

ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਦਾ ਦੇਹਾਂਤ, ਕਾਨੂੰਨੀ ਅਤੇ ਸਮਾਜਿਕ ਖੇਤਰ ਨੂੰ ਵੱਡਾ ਸਦਮਾ
ਬਰਨਾਲਾ(ਹਿਮਾਂਸ਼ੂ ਗੋਇਲ) ਬਰਨਾਲਾ ਸ਼ਹਿਰ ਲਈ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੀਨੀਅਰ ਐਡਵੋਕੇਟ ਅਤੇ ਐੱਸ.ਡੀ. ਸਭਾ (ਰਜਿ.) ਬਰਨਾਲਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਜੀ ਦਾ ਅਕਾਲ ਚਲਾਣਾ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਕਾਨੂੰਨੀ, ਸਿੱਖਿਆਕ ਅਤੇ ਸਮਾਜਿਕ ਖੇਤਰ ਨੂੰ ਨਾ ਪੂਰੀ ਹੋਣ ਵਾਲਾ ਘਾਟਾ ਪਹੁੰਚਿਆ ਹੈ।
ਸ੍ਰੀ ਸ਼ਰਮਾ ਜੀ ਇਕ ਪ੍ਰਖਿਆਤ ਕਾਨੂੰਨ ਵਿਦਵਾਨ, ਸਮਾਜ ਸੇਵੀ ਅਤੇ ਮਾਰਗਦਰਸ਼ਕ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਅਨੇਕਾਂ ਵਿਦਿਆਰਥੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਦਿਸ਼ਾ ਦਿੱਤੀ। ਉਨ੍ਹਾਂ ਦੀ ਸਾਦਗੀ, ਇਮਾਨਦਾਰੀ ਅਤੇ ਸੇਵਾ ਭਾਵਨਾ ਨੂੰ ਸਦਾ ਯਾਦ ਰੱਖਿਆ ਜਾਵੇਗਾ।
ਉਨ੍ਹਾਂ ਦੀ ਅੰਤਿਮ ਸੰਸਕਾਰ ਰਸਮ ਐਤਵਾਰ, 21 ਦਸੰਬਰ 2025 ਨੂੰ ਦੁਪਹਿਰ 1:30 ਵਜੇ ਰਾਮ ਬਾਗ਼, ਬਰਨਾਲਾ ਵਿੱਚ ਕੀਤੀ ਜਾਵੇਗੀ। ਅੰਤਿਮ ਯਾਤਰਾ ਦੁਪਹਿਰ 1:15 ਵਜੇ ਉਨ੍ਹਾਂ ਦੇ ਨਿਵਾਸ ਸਥਾਨ ਪੁਰਾਣਾ ਬਾਜ਼ਾਰ, ਨੇੜੇ ਐੱਸ.ਬੀ.ਆਈ. ਏ.ਡੀ.ਬੀ. ਬੈਂਕ, ਬਰਨਾਲਾ ਤੋਂ ਰਵਾਨਾ ਹੋਵੇਗੀ।
ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ, ਵਕੀਲ ਭਾਈਚਾਰੇ ਅਤੇ ਸਮਾਜਿਕ ਆਗੂਆਂ ਵੱਲੋਂ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਪਰਿਵਾਰ ਨਾਲ ਸੰਵੇਦਨਾ ਜਤਾਈ ਜਾ ਰਹੀ ਹੈ। ਇਹ ਜਾਣਕਾਰੀ ਓਹਨਾ ਦੇ ਸਪੁੱਤਰ ਟੰਡਨ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸਾਂਝੀ ਕੀਤੀ।


