



ਟਰਾਈਡੈਂਟ ਗਰੁੱਪ ਦੇ ‘ਫ੍ਰੀ ਮੈਗਾ ਮੈਡੀਕਲ ਕੈਂਪ’ ਰਾਹੀਂ ਅਨੇਕਾਂ ਜ਼ਿੰਦਗੀਆਂ ਹੋਈਆਂ ਰੌਸ਼ਨ; ਅੱਖਾਂ ਦੇ ਮੁਫ਼ਤ ਆਪਰੇਸ਼ਨ ਸਫ਼ਲ
‘ਫਰੀ ਮੈਗਾ ਮੈਡੀਕਲ ਕੈਂਪ 2025’ ਦਾ ਤੀਜ਼ਾ ਪੜ੍ਹਾਅ ਅੱਜ 12 ਨਵੰਬਰ ਤੋਂ ਹੋਵੇਗਾ ਸ਼ੁਰੂ
ਬਰਨਾਲਾ, 11 ਨਵੰਬਰ (ਹਿਮਾਂਸ਼ੂ ਗੋਇਲ) : ਉਦਯੋਗਿਕ ਖੇਤਰ ਵਿੱਚ ਆਪਣਾ ਨਾਮ ਸਥਾਪਿਤ ਕਰਨ ਦੇ ਨਾਲ-ਨਾਲ, ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣੇ ਜਾਂਦੇ ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤੇ ਗਏ ‘ਫਰੀ ਮੈਗਾ ਮੈਡੀਕਲ ਕੈਂਪ 2025’ ਨੇ ਹਜ਼ਾਰਾਂ ਲੋੜਵੰਦ ਮਰੀਜ਼ਾਂ ਲਈ ਇੱਕ ਵੱਡੀ ਉਮੀਦ ਜਗਾਈ ਹੈ। ਇਸ ਮਹਾਨ ਉਪਰਾਲੇ ਦੇ ਬੀਤੇ ਦੋ ਪੜਾਅ ਸਫ਼ਲਤਾਪੂਰਵਕ ਮੁਕੰਮਲ ਹੋ ਚੁੱਕੇ ਹਨ, ਅਤੇ ਅੱਜ, 12 ਨਵੰਬਰ ਦਿਨ ਬੁੱਧਵਾਰ ਤੋਂ, ਇਸ ਮੈਗਾ ਕੈਂਪ ਦਾ ਤੀਜਾ ਪੜਾਅ ਸ਼ੁਰੂ ਹੋ ਰਿਹਾ ਹੈ, ਜੋ ਕਿ 15 ਨਵੰਬਰ ਦਿਨ ਸ਼ੁੱਕਰਵਾਰ ਤੱਕ ਜਾਰੀ ਰਹੇਗਾ।
ਮੁਫ਼ਤ ਆਪ੍ਰੇਸ਼ਨਾਂ ਨੇ ਲਿਆਂਦੀ ਜੀਵਨ ਵਿੱਚ ਰੌਸ਼ਨੀ
ਬੀਤੇ ਦੋ ਪੜਾਆਂ ਦੌਰਾਨ ਕੈਂਪ ਵਿੱਚ ਚੁਣੇ ਗਏ ਅੱਖਾਂ ਦੇ ਮਰੀਜ਼ਾਂ ਲਈ ਟਰਾਈਡੈਂਟ ਗਰੁੱਪ ਨੇ ਇੱਕ ਵੱਡਾ ਕਦਮ ਪੁੱਟਿਆ। ਇਨ੍ਹਾਂ ਮਰੀਜ਼ਾਂ ਦੇ ਆਪਰੇਸ਼ਨ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਵਰਗੇ ਦੇਸ਼ ਦੇ ਪ੍ਰਸਿੱਧ ਅਤੇ ਮਹਿੰਗੇ ਹਸਪਤਾਲ ਵਿੱਚ ਬਿਲਕੁਲ ਮੁਫ਼ਤ ਕਰਵਾਏ ਗਏ ਹਨ। ਟਰਾਈਡੈਂਟ ਗਰੁੱਪ ਦੀ ਟੀਮ ਨੇ ਮਰੀਜ਼ਾਂ ਨੂੰ ਨਾ ਸਿਰਫ਼ ਆਪਰੇਸ਼ਨ ਲਈ ਸਨਮਾਨ ਸਹਿਤ ਲਿਜਾਇਆ, ਬਲਕਿ ਸਫ਼ਲ ਆਪਰੇਸ਼ਨ ਉਪਰੰਤ ਉਨ੍ਹਾਂ ਨੂੰ ਪੂਰੀ ਸਾਵਧਾਨੀ ਨਾਲ ਵਾਪਸ ਉਨ੍ਹਾਂ ਦੇ ਘਰਾਂ ਤੱਕ ਵੀ ਛੱਡਿਆ। ਇਹ ਸੇਵਾਵਾਂ ਸਾਬਤ ਕਰਦੀਆਂ ਹਨ ਕਿ ਟਰਾਈਡੈਂਟ ਗਰੁੱਪ ਸਿਰਫ਼ ਇੱਕ ਉਦਯੋਗ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਾਲਾ ਇੱਕ ਸੰਸਥਾਨ ਹੈ।

ਮਰੀਜ਼ਾਂ ਦੇ ਬੋਲ ਬਣੇ ਭਾਵਨਾਤਮਕ ਪ੍ਰਮਾਣ
ਆਪਰੇਸ਼ਨ ਕਰਵਾਉਣ ਉਪਰੰਤ ਮਰੀਜ਼ ਰਾਮ ਵਿਲਾਸ, ਮੋਹਿੰਦਰ ਦੇਵੀ, ਓਮ ਵੱਤੀ, ਸਰਬਜੀਤ, ਪਾਲ ਕੌਰ, ਕਾਲਾ ਸਿੰਘ, ਨੇਹਾ, ਬਲਵੀਰ ਸਿੰਘ ਅਤੇ ਬਵਿੰਦਰ ਸਿੰਘ ਨੇ ਆਪਣੇ ਜੀਵਨ ਵਿੱਚ ਆਏ ਇਸ ਵੱਡੇ ਬਦਲਾਅ ਲਈ ਟਰਾਈਡੈਂਟ ਗਰੁੱਪ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਅਸੀਂ ਟਰਾਈਡੈਂਟ ਗਰੁੱਪ ਦੇ ਸੰਸਥਾਪਕ, ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ ਜੀ, ਸੀ.ਐੱਸ.ਆਰ ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ ਸ਼੍ਰੀ ਅਭਿਸ਼ੇਕ ਗੁਪਤਾ ਜੀ ਦਾ ਹਾਰਦਿਕ ਧੰਨਵਾਦ ਕਰਦੇ ਹਾਂ। ਇਨ੍ਹਾਂ ਸਦਕਾ ਹੀ ਸਾਨੂੰ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਵਰਗੇ ਵੱਡੇ ਹਸਪਤਾਲ ਦੀਆਂ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮੁਫ਼ਤ ਹਾਸਲ ਹੋਈਆਂ। ਪਦਮਸ਼੍ਰੀ ਰਜਿੰਦਰ ਗੁਪਤਾ ਜੀ ਸਾਡੇ ਲਈ ਸੱਚਮੁੱਚ ‘ਰੱਬ ਬਣ ਕੇ ਬਹੁੜੇ’ ਹਨ, ਜਿੰਨ੍ਹਾਂ ਸਦਕਾ ਸਾਡੀਆਂ ਅੱਖਾਂ ਦੀ ਰੌਸ਼ਨੀ ਬਚ ਸਕੀ। ਸਾਡੇ ਵਰਗੇ ਲੋਕ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਸਨ।”
ਜ਼ਿਕਰਯੋਗ ਹੈ ਕਿ ਇਹ ਕੈਂਪ ਸਿਰਫ਼ ਇਲਾਜ ਤੱਕ ਸੀਮਤ ਨਹੀਂ, ਸਗੋਂ ਇਹ ਉਨ੍ਹਾਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਉਮੀਦ ਦੀ ਕਿਰਨ ਹੈ, ਜੋ ਮਹਿੰਗੇ ਇਲਾਜ ਕਰਵਾਉਣ ਦਾ ਸੁਪਨਾ ਵੀ ਨਹੀਂ ਲੈ ਸਕਦੇ। ਟਰਾਈਡੈਂਟ ਗਰੁੱਪ ਦੀ ਇਹ ਪਹਿਲ ਸਪੱਸ਼ਟ ਕਰਦੀ ਹੈ ਕਿ ਕਾਰਪੋਰੇਟ ਜਗਤ ਵੀ ਮਾਨਵਤਾ ਦੀ ਸੇਵਾ ਵਿੱਚ ਮੋਹਰੀ ਭੂਮਿਕਾ ਨਿਭਾ ਸਕਦਾ ਹੈ।
5 ਦਸੰਬਰ ਤੱਕ ਚੱਲੇਗਾ ਕੈਂਪ
ਕੈਂਪ ਦੇ ਇੰਚਾਰਜ਼ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਪੰਡੋਰੀ, ਇੰਸ. ਤਰਸੇਮ ਸਿੰਘ, ਗੁਰਵਿੰਦਰ ਕੌਰ, ਰੁਪਿੰਦਰ ਕੌਰ, ਰੀਚਾ ਪ੍ਰਭਾਕਰ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ ਤੇ ਨਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੈਂਪ ਦਾ ਤੀਜ਼ਾ ਪੜਾਅ ਅੱਜ 12 ਨਵੰਬਰ ਤੋਂ ਸ਼ੁਰੂ ਹੋਵੇਗਾ। ਇਹ ਕੈਂਪ 12, 13, 14 ਨਵੰਬਰ, 19, 20, 21 ਨਵੰਬਰ, 26, 27, 28 ਨਵੰਬਰ ਅਤੇ 3, 4, 5 ਦਸੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਆਮ ਸਿਹਤ ਜਾਂਚ, ਅੱਖਾਂ ਦੇ ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ, ਦੰਦਾਂ ਦੀ ਜਾਂਚ, ਡਾਇਗਨੋਸਟਿਕ ਟੈਸਟ (ਜਿਵੇਂ ਕਿ ਐਕਸ-ਰੇ, ਈਸੀਜੀ, ਲੈਬ ਟੈਸਟ), ਮੁਫ਼ਤ ਦਵਾਈਆਂ, ਅਤੇ ਚਸ਼ਮਿਆਂ ਦੀ ਵੰਡ ਵਰਗੀਆਂ ਬੇਹਤਰੀਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।


