



—ਗੁਰੂ ਤੇਗ ਬਹਾਦੁਰ ਜੀ ਨੂੰ ਸਮਰਪਿਤ ਗੁਰੂ ਚਰਨ ਛੋਹ ਪ੍ਰਾਪਤ ਥਾਵਾਂ ‘ਤੇ ਵਿਸ਼ੇਸ਼ ਸਮਾਗਮ ਸ਼ੁਰੂ
—ਨੌਵੀਂ ਪਾਤਸ਼ਾਹੀ ਨਾਲ ਸਬੰਧਤ 11 ਪਿੰਡਾਂ ‘ਚ ਕਰਵਾਏ ਜਾ ਰਹੇ ਹਨ ਸਮਾਗਮ
—ਗੁਰੂ ਸਾਹਿਬਾਨ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨੇ ਸਮਾਗਮ, ਡਿਪਟੀ ਕਮਿਸ਼ਨਰ
ਬਰਨਾਲਾ, 6 ਨਵੰਬਰ(ਹਿਮਾਂਸ਼ੂ ਗੋਇਲ)
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਨ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹਾ ਬਰਨਾਲਾ ‘ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 11 ਚਰਨ ਛੋਹ ਪ੍ਰਾਪਤ ਥਾਵਾਂ ਉੱਤੇ ਬਣੇ ਗੁਰਦੁਵਾਰਾ ਸਾਹਿਬ ‘ਚ ਵਿਸ਼ੇਸ਼ ਕੀਰਤਨ ਸਮਾਗਮ ਕਰਵਾਏ ਅੱਜ ਪਿੰਡ ਸੇਖਾ ਅਤੇ ਕੱਟੂ ਤੋਂ ਸ਼ੁਰੂ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਇਹ ਸਮਾਗਮ 16 ਨਵੰਬਰ ਤੱਕ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸੇਖਾ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂਸਰ ਸਾਹਿਬ ਕੱਟੂ ਵਿਖੇ ਸਮਾਗਮ ਕਰਵਾਏ ਗਏ । ਇਨ੍ਹਾਂ ਸਮਾਗਮਾਂ ‘ਚ ਗੁਰੂ ਸਾਹਿਬਾਨ ਦੀ ਜੀਵਨੀ ਉੱਤੇ ਚਾਨਣਾ ਪਾਉਂਦੀਆਂ ਕਵਿਤਾਵਾਂ ਵੀ ਪੜ੍ਹੀਆਂ ਗਈਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸਵਿੰਦਰ ਸਿੰਘ, ਗੁਰਦੁਵਾਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੰਗਤ ਹਾਜ਼ਰ ਸਨ।

8 ਨਵੰਬਰ ਨੂੰ ਗੁਰਦੁਆਰਾ ਸੋਹੀਆਣਾ ਸਾਹਿਬ ਪਾਤਸ਼ਾਹੀ ਨੌਵੀਂ ਧੌਲਾ ਅਤੇ ਗੁਰਦੁਆਰਾ ਸ੍ਰੀ ਤੇਗ ਬਹਾਦਰ ਜੀ ਪਾਤਸ਼ਾਹੀ ਨੌਵੀਂ ਪੰਧੇਰ ਵਿਖੇ ਕਰਵਾਏ ਜਾਣਗੇ।
14 ਨਵੰਬਰ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੁਲੱਮਸਰ ਮੌੜ, ਗੁਰਦੁਆਰਾ ਦਾਤਨਸਰ ਸਾਹਿਬ ਪਾਤਸ਼ਾਹੀ ਨੌਵੀਂ ਭਗਤਪੁਰਾ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਢਿਲਵਾਂ ਵਿਖੇ ਸਮਾਗਮ ਕਰਵਾਏ ਜਾਣਗੇ ।

15 ਨਵੰਬਰ ਨੂੰ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਕੋਠੇ ਚੁੰਗਾ ਅਤੇ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਪੱਖੋਂ ਕਲਾਂ ਵਿਖੇ ਕਰਵਾਏ ਜਾਣਗੇ। 16 ਨਵੰਬਰ ਨੂੰ ਇਹ ਸਮਾਗਮ ਗੁਰਦੁਆਰਾ ਪਾਤਸ਼ਾਹੀ ਨੌਵੀਂ ਫਰਵਾਹੀ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਪਾਤਸ਼ਾਹੀ ਨੌਵੀਂ ਭੈਣੀ ਮਹਿਰਾਜ ਵਿਖੇ ਕਰਵਾਏ ਜਾਣਗੇ।


