



ਟਰਾਈਡੈਂਟ ਗਰੁੱਪ ਵੱਲੋਂ ਚੱਲ ਰਹੇ ‘ਫਰੀ ਮੈਗਾ ਮੈਡੀਕਲ ਕੈਂਪ 2025 ਦਾ ਦੂਜਾ ਪੜ੍ਹਾਅ ਹੋਇਆ ਸ਼ੁਰੂ
– ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਮਰੀਜ਼, ਕੀਤਾ ਪਦਮਸ਼੍ਰੀ ਰਾਜਿੰਦਰ ਗੁਪਤਾ ਦਾ ਧੰਨਵਾਦ
ਬਰਨਾਲਾ, 6 ਨਵੰਬਰ (ਹਿਮਾਂਸ਼ੂ ਗੋਇਲ) : ਟਰਾਈਡੈਂਟ ਗਰੁੱਪ ਵੱਲੋਂ 29 ਅਕਤੂਬਰ ਤੋਂ ਸ਼ੁਰੂ ਕੀਤੇ ਗਏ ‘ਫਰੀ ਮੈਗਾ ਮੈਡੀਕਲ ਕੈਂਪ 2025’ ਦਾ ਅੱਜ 6 ਨਵੰਬਰ ਨੂੰ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ, ਜਿੱਥੇ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰਾਂ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਬੁੱਧਵਾਰ ਨੂੰ ਕੈਂਪ ’ਚ ਹਜ਼ਾਰਾਂ ਦੀ ਗਿਣਤੀ ’ਚ ਮਰੀਜ਼ ਆਪਣੇ ਚੈੱਕਅੱਪ ਤੇ ਇਲਾਜ਼ ਲਈ ਪੁੱਜੇ, ਜਿੰਨ੍ਹਾਂ ਨੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ, ਸੀ.ਐੱਸ.ਆਰ ਹੈੱਡ ਮੈਡਮ ਮਧੂ ਗੁਪਤਾ ਅਤੇ ਸੀ.ਐਕਸ.ਓ ਸ਼੍ਰੀ ਅਭਿਸ਼ੇਕ ਗੁਪਤਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਸਦਕਾ ਹੀ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਸੀ.ਐੱਮ.ਸੀ. ਵਰਗੇ ਵੱਡੇ ਹਸਪਤਾਲ ਦੀਆਂ ਸਹੂਲਤਾਂ ਉਨ੍ਹਾਂ ਨੂੰ ਮੁਫ਼ਤ ’ਚ ਹੀ ਆਪਣੇ ਸ਼ਹਿਰ ’ਚ ਮਿਲੀਆਂ। ਲੋਕਾਂ ਨੇ ਉਮੀਦ ਜਤਾਈ ਕਿ ਟਰਾਈਡੈਂਟ ਗਰੁੱਪ ਭਵਿੱਖ ’ਚ ਵੀ ਅਜਿਹੇ ਉਪਰਾਲੇ ਬਰਨਾਲਾ ਵਾਸੀਆਂ ਲਈ ਕਰਦਾ ਰਹੇਗਾ।

– ਟਰਾਈਡੈਂਟ ਦਾ ਸਟਾਫ਼ ਕਰ ਰਿਹੈ ਮਰੀਜ਼ਾਂ ਦੀ ਸਹਾਇਤਾ
ਕੈਂਪ ਦਾ ਦੂਜਾ ਪੜਾਅ 6 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ ਤੇ ਇਹ ਕੈਂਪ 7, 8 ਨਵੰਬਰ, 12, 13, 14 ਨਵੰਬਰ, 19, 20, 21 ਨਵੰਬਰ, 26, 27, 28 ਨਵੰਬਰ ਅਤੇ 3, 4, 5 ਦਸੰਬਰ ਤੱਕ ਜਾਰੀ ਰਹੇਗਾ। ਕੈਂਪ ’ਚ ਟਰਾਈਡੈਂਟ ਗਰੁੱਪ ਦੇ ਸਟਾਫ਼ ਵੱਲੋਂ ਕੈਂਪ ਇੰਚਾਰਜ਼ ਪਵਨ ਸਿੰਗਲਾ, ਚਰਨਜੀਤ ਸਿੰਘ, ਜਗਰਾਜ ਪੰਡੋਰੀ, ਰੁਪਿੰਦਰ ਕੌਰ, ਗੁਰਵਿੰਦਰ ਕੌਰ, ਰੀਚਾ ਪ੍ਰਭਾਕਰ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ ਤੇ ਨਰਿੰਦਰ ਸਿੰਘ ਮਰੀਜ਼ਾਂ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਨ। ਉਨ੍ਹਾਂ ਵੱਲੋਂ ਮਰੀਜ਼ਾਂ ਨੂੰ ਜਿੱਥੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਲੈ ਕੇ ਵੱਖ ਵੱਖ ਕਾਊਂਟਰਾਂ ਤੱਕ ਲਿਜਾਣ ’ਚ ਸਹਾਇਤਾ ਕੀਤੀ ਜਾ ਰਹੀ ਹੈ, ਉੱਥੇ ਹੀ ਚਾਹ ਪਾਣੀ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ। ਜ਼ਿਆਦਾਤਰ ਮਰੀਜ਼ਾਂ ਨੂੰ ਡਾਕਟਰਾਂ ਦੇ ਕਮਰੇ ਦਾ ਪਤਾ ਨਹੀਂ ਹੁੰਦਾ, ਜਿਸ ਲਈ ਟਰਾਈਡੈਂਟ ਦਾ ਸਟਾਫ਼ ਉਨ੍ਹਾਂ ਦੀ ਸਹਾਇਤਾ ਕਰਦਾ ਹੈ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ।
– ਮਰੀਜ਼ਾਂ ਨੂੰ ਮਿਲ ਰਹੀਆਂ ਉੱਚ ਪੱਧਰੀ ਇਲਾਜ਼ ਸਹੂਲਤਾਂ
ਇਸ ਕੈਂਪ ਦੌਰਾਨ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਨੂੰ ਆਮ ਸਿਹਤ ਜਾਂਚ, ਮਾਹਿਰ ਡਾਕਟਰੀ ਸਲਾਹ, ਡੈਂਟਲ ਸਕੇਲਿੰਗ, ਫ਼ਿਲਿੰਗ ਅਤੇ ਐਕਸਟ੍ਰੈਕਸ਼ਨ, ਡਾਇਗਨੋਸਟਿਕ ਟੈਸਟ, ਮੁਫ਼ਤ ਦਵਾਈਆਂ, ਐਕਸ-ਰੇ, ਈ.ਸੀ.ਜੀ., ਮੋਤੀਆ ਬਿੰਦ ਦੀ ਜਾਂਚ, ਅੱਖਾਂ ਦੀ ਪੂਰੀ ਤਬੀ ਜਾਂਚ ਅਤੇ ਮੁਫ਼ਤ ਚਸ਼ਮਿਆਂ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤੀ ਜਾਂਦੀ ਹੈ, ਤਾਂ ਜੋ ਹਰ ਮਰੀਜ਼ ਨੂੰ ਸਮੇਂ ਸਿਰ ਸੇਵਾ ਮਿਲ ਸਕੇ। ਫ਼ਰੀ ਮੈਗਾ ਮੈਡੀਕਲ ਕੈਂਪ 2025 ਵਿੱਚ ਸੀ.ਐੱਮ.ਸੀ. ਲੁਧਿਆਣਾ ਦੇ ਮਾਹਿਰਾਂ ਦੀ 65 ਮੈਂਬਰੀ ਟੀਮ ਸੇਵਾਵਾਂ ਦੇ ਰਹੀ ਹੈ। ਇਸ ਟੀਮ ਵਿੱਚ 22 ਡਾਕਟਰ ਅੱਖਾਂ ਦੀ ਜਾਂਚ, ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ, ਚਸ਼ਮਿਆਂ ਦੀ ਵੰਡ, ਦੰਦਾਂ ਦੀ ਪੂਰੀ ਜਾਂਚ, ਸਕੇਲਿੰਗ, ਫ਼ਿਲਿੰਗ ਅਤੇ ਐਕਸਟ੍ਰੈਕਸ਼ਨ ਦੇ ਨਾਲ ਨਾਲ ਵੱਖ-ਵੱਖ ਡਾਇਗਨੋਸਟਿਕ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, 16 ਮੈਡੀਸਨ ਸਪੈਸ਼ਲਿਸਟ ਡਾਕਟਰਾਂ ਵੱਲੋਂ ਚਮੜੀ, ਨੱਕ, ਕੰਨ ਅਤੇ ਮਹਿਲਾ ਰੋਗਾਂ ਦੀ ਜਾਂਚ ਅਤੇ ਇਲਾਜ਼ ਕਰ ਰਹੇ ਹਨ। ਇਸ ਮੌਕੇ ਈ.ਸੀ.ਜੀ. ਅਤੇ ਐਕਸ-ਰੇ ਟੈਸਟ ਵੀ ਪੂਰੀ ਤਰ੍ਹਾਂ ਮੁਫ਼ਤ ਕੀਤੇ ਜਾ ਰਹੇ ਹਨ।
–ਲੋਕਾਂ ਵੱਲੋਂ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਯਤਨਾਂ ਦੀ ਜੰਮਕੇ ਸ਼ਲਾਘਾ
ਟਰਾਈਡੈਂਟ ਗਰੁੱਪ ਵੱਲੋਂ ਲਗਾਏ ਗਏ ਮੁਫ਼ਤ ਮੈਗਾ ਮੈਡੀਕਲ ਕੈਂਪ ਵਿੱਚ ਪਹੁੰਚੇ ਹਜ਼ਾਰਾਂ ਮਰੀਜ਼ਾਂ ਵੱਲੋਂ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਜੰਮਕੇ ਸ਼ਲਾਘਾ ਕੀਤੀ ਜਾ ਰਹੀ ਹੈ। ਮਰੀਜ਼ਾਂ ਨੇ ਇਸ ਕੈਂਪ ਨੂੰ ਲੋੜਵੰਦਾਂ ਲਈ ‘ਵਰਦਾਨ’ ਦੱਸਿਆ ਹੈ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਮਹਿੰਗੇ ਇਲਾਜਾਂ ਤੋਂ ਵੱਡੀ ਰਾਹਤ ਮਿਲੀ ਹੈ। ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਅਤੇ ਜਾਂਚ ਲਈ ਪਹੁੰਚੇ ਲੋਕਾਂ ਨੇ ਇੱਕ ਸੁਰ ਵਿੱਚ ਟਰਾਈਡੈਂਟ ਗਰੁੱਪ ਦੀ ਸਮਾਜ ਪ੍ਰਤੀ ਵਚਨਬੱਧਤਾ ਦੀ ਤਾਰੀਫ਼ ਕੀਤੀ।
– ਕੈਂਪ ’ਚ ਪਿੰਡ ਧੌਲਾ ਤੋਂ ਪੁੱਜੇ ਦੀਨ ਦਿਆਲ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਕਮਰ ਦਰਦ ਦੀ ਸਮੱਸਿਆ ਹੈ। ਇਸ ਕੈਂਪ ਵਿੱਚ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਉਹ ਚੰਗੀਆਂ ਸਿਹਤ ਸਹੂਲਤਾਂ ਅਤੇ ਮੁਫ਼ਤ ਦਵਾਈਆਂ ਪ੍ਰਾਪਤ ਹੋਈਆਂ, ਜੋ ਆਮ ਤੌਰ ’ਤੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਸ ਨੇਕ ਉਪਰਾਲੇ ਲਈ ਟਰਾਈਡੈਂਟ ਗਰੁੱਪ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ।
– ਬਰਨਾਲਾ ਵਾਸੀ ਬਸੰਤੀ ਦੇਵੀ ਨੇ ਦੱਸਿਆ ਕਿ ਉਸ ਨੂੰ ਅੱਖਾਂ ਦੀ ਸਮੱਸਿਆ ਹੈ, ਜਿਸਦੇ ਇਲਾਜ਼ ਲਈ ਉਹ ਕੈਂਪ ’ਚ ਪੁੱਜੀ। ਜਿੱਥੇ ਡਾਕਟਰਾਂ ਨੇ ਉਸਦਾ ਬੜੀ ਬਾਰਿਕੀ ਨਾਲ ਚੈੱਕਅੱਪ ਕੀਤਾ ਤੇ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ’ਚ ਦਿੱਤੀਆਂ। ਉਨ੍ਹਾਂ ਕਿਹਾ ਕਿ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਸਮਾਜ ਨੂੰ ‘ਸਿਹਤਮੰਦ’ ਬਣਾਉਣ ਦੀ ਸੋਚ ਸਦਕਾ ਹੀ ਅਜਿਹੇ ਵੱਡੇ ਉਪਰਾਲੇ ਸੰਭਵ ਹੋ ਸਕੇ ਹਨ। ਉਨ੍ਹਾਂ ਦੀ ਇਸ ਦੂਰ-ਅੰਦੇਸ਼ੀ ਸੋਚ ਨੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਇੱਕ ਉੱਜਲ ਭਵਿੱਖ ਦੀ ਉਮੀਦ ਦਿੱਤੀ ਹੈ।
– ਕੈਂਪ ’ਚ ਇਲਾਜ਼ ਲਈ ਆਪਣੇ ਪੂਰੇ ਪਰਿਵਾਰ ਸਮੇਤ ਪੁੱਜੇ ਜੋਰਾ ਸਿੰਘ ਨੇ ਦੱਸਿਆ ਕਿ ਉਹ ਸਾਇਕਲਾਂ ਦੀ ਦੁਕਾਨ ’ਤੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਸ ਨੂੰ ਦੰਦਾਂ ਦੀ ਸਮੱਸਿਆ ਹੈ। ਉਸ ਦੀ ਪਤਨੀ ਅਮਨਦੀਪ ਕੌਰ ਨੂੰ ਛਾਤੀ ’ਚ ਦਰਦ ਅਤੇ ਬੇਟੀ ਖੁਸ਼ਪ੍ਰੀਤ ਕੌਰ ਨੂੰ ਚਮੜੀ ਰੋਗ ਹੈ। ਉਸਨੇ ਗੁਆਂਢ ’ਚੋਂ ਟਰਾਈਡੈਂਟ ਗਰੁੱਪ ਵੱਲੋਂ ਲਗਾਏ ਜਾ ਰਹੇ ਇਸ ਕੈਂਪ ਬਾਰੇ ਸੁਣਿਆ ਸੀ। ਜਿਸ ਕਾਰਨ ਉਸ ਨੇ ਅੱਜ ਇੱਥੇ ਪਹੁੰਚਦਿਆਂ ਪੂਰੇ ਪਰਿਵਾਰ ਦਾ ਚੈੱਕਅੱਪ ਕਰਵਾਇਆ ਤੇ ਮੁਫ਼ਤ ’ਚ ਦਵਾਈਆਂ ਵੀ ਪ੍ਰਾਪਤ ਕੀਤੀਆਂ। ਉਸ ਨੇ ਪਦਮਸ਼੍ਰੀ ਰਜਿੰਦਰ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਉਸ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਾਪਤ ਹੋ ਸਕੀਆਂ ਹਨ।
– ਧਨੌਲਾ ਤੋਂ ਪੁੱਜੀ ਬੀਬੀ ਕਰਤਾਰ ਕੌਰ ਨੇ ਦੱਸਿਆ ਕਿ ਉਸ ਨੂੰ ਅੱਖਾਂ ਤੇ ਦੰਦਾਂ ਦੀ ਸਮੱਸਿਆ ਹੈ ਤੇ ਇਸ ਕੈਂਪ ’ਚ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਨੇ ਉੱਚ ਪੱਧਰੀ ਇਲਾਜ਼ ਮੁਹੱਈਆ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਸੀ.ਐੱਮ.ਸੀ. ਵਰਗੇ ਵੱਡੇ ਹਸਪਤਾਲਾਂ ਤੱਕ ਪਹੁੰਚ ਕਰਨਾ ਹਰ ਇਕ ਦੇ ਵਸ ਦੀ ਗੱਲ ਨਹੀਂ ਹੁੰਦੀ, ਪਰ ਟਰਾਈਡੈਂਟ ਗਰੁੱਪ ਨੇ ਇਹ ਸਹੂਲਤਾਂ ਸਾਨੂੰ ਸਾਡੇ ਆਪਣੇ ਸ਼ਹਿਰ ’ਚ ਹੀ ਮੁਹੱਈਆ ਕਰਵਾ ਦਿੱਤੀਆਂ, ਉਹ ਵੀ ਬਿਲਕੁਲ ਮੁਫ਼ਤ ’ਚ। ਜਿਸਦੇ ਲਈ ਟਰਾਈਡੈਂਟ ਗਰੁੱਪ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
– ਧਨੌਲਾ ਤੋਂ ਪੁੱਜੀ ਬੀਬੀ ਕਰਨੈਲ ਕੌਰ ਨੇ ਕਿਹਾ ਕਿ ਉਸ ਨੇ ਆਪਣੇ ਵਾਰਡ ਦੇ ਕੌਂਸਲਰ ਤੋਂ ਇਸ ਕੈਂਪ ਬਾਰੇ ਸੁਣਿਆ ਸੀ, ਜਿਸ ਲਈ ਉਹ ਅੱਜ ਇੱਥੇ ਪਹੁੰਚੀ। ਉਸਨੇ ਕਿਹਾ ਕਿ ਅੱਖਾਂ ਤੇ ਦੰਦਾਂ ਦੇ ਡਾਕਟਰਾਂ ਨੇ ਬੜੀ ਗੌਰ ਨਾਲ ਮੇਰੀ ਗੱਲ ਸੁਣੀ ਤੇ ਜਾਂਚ ਕਰਦਿਆਂ ਮੁਫ਼ਤ ’ਚ ਦਵਾਈਆਂ ਵੀ ਦਿੱਤੀਆਂ। ਉਸਨੇ ਕਿਹਾ ਕਿ ਉਹ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਜੀ ਦਾ ਦਿਲੋਂ ਧੰਨਵਾਦ ਕਰਦੇ ਹੀ, ਜਿਨ੍ਹਾਂ ਨੇ ਲੋੜਵੰਦਾਂ ਲਈ ਇਹ ਕੈਂਪ ਲਗਾਇਆ। ਮੇਰਾ ਇਲਾਜ ਮੁਫ਼ਤ ਵਿੱਚ ਹੋ ਗਿਆ, ਜੋ ਇੱਕ ਵੱਡੀ ਮਦਦ ਹੈ।


