



ਗੋਸ਼ਾਲਾ ਧਨੌਲਾ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਗੋਪਾਲ ਅਸ਼ਟਮੀ
ਜੀਵਨ ਬਾਂਸਲ ਤੀਜੀ ਵਾਰ ਬਣੇ ਗੌਸ਼ਾਲਾ ਕਮੇਟੀ ਦੇ ਪ੍ਰਧਾਨ
ਧਨੌਲਾ (ਹਿਮਾਂਸ਼ੂ ਗੋਇਲ): ਜ਼ਿਲ੍ਹਾ ਬਰਨਾਲਾ ਦੇ ਧਨੌਲਾ ਕਸਬੇ ਵਿੱਚ ਗੋਪਾਲ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਆਸਥਾ ਨਾਲ ਧੂਮਧਾਮ ਨਾਲ ਮਨਾਇਆ ਗਿਆ।

ਇਸ ਮੌਕੇ ਗੌਸ਼ਾਲਾ ਪ੍ਰੰਗਣ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਸਵੇਰੇ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਸ਼ਰਧਾਲੂਆਂ ਨੇ ਗਊਆਂ ਦੀ ਪੂਜਾ ਕੀਤੀ, ਉਨ੍ਹਾਂ ਨੂੰ ਹਰਾ ਚਾਰਾ ਖੁਆਇਆ ਅਤੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।ਸਾਰੇ ਦਿਨ ਗੌਸ਼ਾਲਾ ਵਿੱਚ ‘ਜੈ ਗੋਪਾਲ, ਜੈ ਗਊਮਾਤਾ’ ਦੇ ਭਜਨ ਅਤੇ ਕੀਰਤਨ ਗੂੰਜਦੇ ਰਹੇ। ਇਸ ਮੌਕੇ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਸੁਰੀਲੇ ਭਜਨ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਕਾਰਜਕ੍ਰਮ ਵਿੱਚ ਵਿਸ਼ੇਸ਼ ਤੌਰ ‘ਤੇ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਹਾਜ਼ਰੀ ਭਰੀ ਅਤੇ ਕਿਹਾ ਕਿ ਗੋਪਾਲ ਅਸ਼ਟਮੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨਾਲ ਸੰਬੰਧਿਤ ਤਿਉਹਾਰ ਹੈ। ਮਾਨਤਾਵਾਂ ਅਨੁਸਾਰ, ਇਸੇ ਦਿਨ ਮਾਤਾ ਯਸ਼ੋਦਾ ਜੀ ਨੇ ਭਗਵਾਨ ਕ੍ਰਿਸ਼ਨ ਨੂੰ ਪਹਿਲੀ ਵਾਰ ਗਊਆਂ ਚਰਾਉਣ ਲਈ ਭੇਜਿਆ ਸੀ, ਇਸੇ ਕਰਕੇ ਇਸ ਦਿਨ ਗਊ ਪੂਜਾ ਦਾ ਵਿਸ਼ੇਸ਼ ਮਹੱਤਵ ਹੈ।
ਇਸ ਮੌਕੇ ਗੌਸ਼ਾਲਾ ਵਿੱਚ ਹਵਨ ਅਤੇ ਯੱਗ ਸਮਾਰੋਹ ਵੀ ਆਯੋਜਿਤ ਕੀਤਾ ਗਿਆ। ਸਮਾਰੋਹ ਦੌਰਾਨ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਜੀਵਨ ਕੁਮਾਰ ਬਾਂਸਲ ਨੂੰ ਲਗਾਤਾਰ ਤੀਜੀ ਵਾਰ ਸਰਬਸੰਮਤੀ ਨਾਲ ਗੌਸ਼ਾਲਾ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ।

ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਪ੍ਰਧਾਨ ਜੀਵਨ ਬਾਂਸਲ ਅਤੇ ਸਮਾਜਸੇਵੀ ਕੌਂਸਲਰ ਰਜਨੀਸ਼ ਬਾਂਸਲ ਨੇ ਕਿਹਾ ਕਿ ਗੌਸ਼ਾਲਾ ਸਿਰਫ ਧਾਰਮਿਕ ਸਥਾਨ ਨਹੀਂ, ਸਗੋਂ ਇਹ ਸਮਾਜ ਸੇਵਾ ਅਤੇ ਮਨੁੱਖਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਗੋਪਾਲ ਅਸ਼ਟਮੀ ਦੇ ਦਿਨ ਗਊਆਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ। ਇਸ ਸਮਾਰੋਹ ਵਿੱਚ ਡਾ. ਸ਼ੰਕਰ ਬਾਂਸਲ (ਸਮਾਜ ਸੇਵੀ), ਰਮਨ ਵਰਮਾ (ਵਪਾਰ ਮੰਡਲ ਪ੍ਰਧਾਨ), ਅਰੁਣ ਬਾਂਸਲ (ਅਗਰਵਾਲ ਸਭਾ ਪ੍ਰਧਾਨ), ਡਾ. ਵਿਜੇ ਕੁਮਾਰ (ਵਿਜੇ ਲੈਬਾਰਟਰੀ), ਡਾ. ਦਿਨੇਸ਼ ਗਰਗ (ਗੋਪਾਲ ਫਾਰਮਾ), ਦੀਪਕ ਦੁੱਗਲ, ਸੰਦੀਪ ਦੁੱਗਲ, ਮਨਦੀਪ ਦੁੱਗਲ, ਰਕੇਸ਼ ਮਿੱਤਲ (ਸੇਵਾ ਪ੍ਰਮੁੱਖ), ਬੋਨੀ ਬਾਂਸਲ, ਮੋਹਿਤ ਸਿੰਗਲਾ ਕਾਲਾ, ਵਿੱਕੀ ਦਾਨਗੜੀਆ, ਮੰਗਲੇ ਦੇਵ ਸ਼ਰਮਾ (ਭਾਜਪਾ ਕਿਸਾਨ ਮੋਰਚਾ), ਬਾਬਾ ਪੰਕਜ ਗੌਤਮ (ਰਾਮਲੀਲਾ ਕਲੱਬ ਸਰਪ੍ਰਸਤ), ਧਰਮੇਂਦਰ ਕੁਮਾਰ ਨੀਟੂ (ਕੱਪੜੇ ਵਾਲੇ) ਸਮੇਤ ਕਈ ਹੋਰ ਪ੍ਰਮੁੱਖ ਹਸਤੀਆਂ ਮੌਜੂਦ ਸਨ।ਕਾਰਜਕ੍ਰਮ ਦੇ ਅੰਤ ‘ਤੇ ਪ੍ਰਧਾਨ ਜੀਵਨ ਬਾਂਸਲ ਅਤੇ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਸਮੂਹ ਸ਼ਰਧਾਲੂਆਂ, ਮਹਿਮਾਨਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।


