



ਮਦਰ ਟੀਚਰ ਸਕੂਲ ਦੇ ਅਮਨਵੀਰ ਸਿੰਘ ਪਦਮ ਨੇ ਰਾਜ ਪੱਧਰੀ ਸ਼ੂਟਿੰਗ ਮੁਕਾਬਲੇ ਵਿੱਚ ਜਿੱਤਿਆ ਰਜਤ ਪਦਕ
ਬਰਨਾਲਾ (ਹਿਮਾਂਸ਼ੂ ਗੋਇਲ)
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮੋਹਾਲੀ ਵਿਖੇ ਆਯੋਜਿਤ 69ਵੇਂ ਸੂਬਾ ਪੱਧਰੀ ਸ਼ੂਟਿੰਗ ਖੇਡ ਮੁਕਾਬਲੇ ਵਿੱਚ ਮਦਰ ਟੀਚਰ ਸਕੂਲ, ਬਰਨਾਲਾ ਦੇ ਵਿਦਿਆਰਥੀ ਅਮਨਵੀਰ ਸਿੰਘ ਪਦਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੀਟਰ ਏਅਰ ਪਿਸਟਲ ਸ਼੍ਰੇਣੀ ਵਿੱਚ ਰਜਤ ਪਦਕ (Silver Medal) ਜਿੱਤ ਕੇ ਸਕੂਲ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ।
ਅਮਨਵੀਰ ਨੇ ਆਪਣੇ ਬੇਹਤਰੀਨ ਧਿਆਨ, ਸਟੀਕ ਨਿਸ਼ਾਨੇਬਾਜ਼ੀ ਅਤੇ ਮਜ਼ਬੂਤ ਜਜ਼ਬੇ ਨਾਲ ਖੇਡ ਮੈਦਾਨ ਵਿੱਚ ਸ਼ਾਨਦਾਰ ਖੇਡ ਜਜ਼ਬੇ ਦਾ ਪ੍ਰਗਟਾਵਾ ਕੀਤਾ।
ਇਸ ਉਪਲਬਧੀ ’ਤੇ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਰਾਣਾ ਨੇ ਅਮਨਵੀਰ ਸਿੰਘ ਪਦਮ ਨੂੰ ਵਧਾਈ ਦਿੱਤੀ ਅਤੇ ਉਸ ਨੂੰ ਅੱਗੇ ਵੀ ਮਨ ਲਾ ਕੇ ਮਿਹਨਤ ਕਰਨ ਤੇ ਹੋਰ ਉੱਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮਦਰ ਟੀਚਰ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਵਿੱਚ ਵੀ ਉਤਕ੍ਰਿਸ਼ਟਤਾ ਹਾਸਲ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਸਕੂਲ ਦੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕ ਵੀ ਹਾਜ਼ਰ ਸਨ। ਪ੍ਰਿੰਸੀਪਲ ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾ ਸਿਰਫ ਸਰੀਰਕ ਤੰਦਰੁਸਤੀ ਲਈ ਜਰੂਰੀ ਹਨ, ਸਗੋਂ ਇਹ ਮਾਨਸਿਕ ਵਿਕਾਸ ਅਤੇ ਅਨੁਸ਼ਾਸਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਲੋਹਾ ਮਨਵਾ ਰਹੇ ਹਨ, ਜੋ ਸਕੂਲ ਲਈ ਮਾਣ ਦੀ ਗੱਲ ਹੈ। ਇਹ ਉਪਲਬਧੀ ਮਦਰ ਟੀਚਰ ਸਕੂਲ ਲਈ ਗੌਰਵ ਦਾ ਪਲ ਹੈ ਅਤੇ ਅਮਨਵੀਰ ਸਿੰਘ ਪਦਮ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ।


