



ਮੀਰੀ ਪੀਰੀ ਖਾਲਸਾ ਕਾਲਜ ਭਦੌੜ ਵਿਖੇ ਵਿਸ਼ਵ ਏਡਜ਼ ਦਿਵਸ ਮੌਕੇ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ
ਬਰਨਾਲਾ(ਹਿਮਾਂਸ਼ੂ ਗੋਇਲ)
ਮਾਲਵਾ ਖੇਤਰ ਦੀ ਸਿਰਮੌਰ ਸੰਸਥਾ, ਮੀਰੀ ਪੀਰੀ ਖਾਲਸਾ ਕਾਲਜ ਭਦੌੜ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜ ਕਰ ਰਹੀ ਹੈ। ਸੰਸਥਾ ਵਿਖੇ ਵਿਸ਼ੇਸ਼ ਜਾਗਰੂਕਤਾ ਲੈਕਚਰ ਕਰਵਾਇਆ ਗਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਰੈੱਡ ਰਿਬਨ ਕਲੱਬ ਦੇ ਪ੍ਰੋਗਰਾਮ ਅਫ਼ਸਰ ਡਾ. ਵੰਦਨਾ ਸੁਖੀਜਾ ਨੇਂ ਦੱਸਿਆ ਕਿ ਕਾਲਜ ਵਿੱਚ ਰੈੱਡ ਰਿਬਨ ਕਲੱਬ ਅਤੇ ਐੱਨ. ਐੱਸ. ਐੱਸ. ਯੂਨਿਟ ਦੇ ਸਹਿਯੋਗ ਨਾਲ਼ ਵਿਸ਼ਵ ਏਡਜ਼ ਦਿਵਸ ਮੌਕੇ ਵਿਸ਼ੇਸ਼ ਜਾਗਰੂਕਤਾ ਲੈਕਚਰ ਕਰਵਾਇਆ ਗਿਆ। ਇਸ ਵਰ੍ਹੇ ਵਿਸ਼ਵ ਏਡਜ਼ ਦਿਵਸ ਦਾ ਥੀਮ “ਰੁਕਾਵਟਾਂ ਨੂੰ ਪਾਰ ਕਰਨਾ, ਏਡਜ਼ ਪ੍ਰਤੀ ਹੁੰਗਾਰੇ ਨੂੰ ਬਦਲਣਾ” ਰਿਹਾ। ਇਸ ਦੌਰਾਨ ਕਾਲਜ ਵਿਖੇ ਡਾ. ਦੀਪਕ ਸਿੰਗਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇਂ ਵਿਦਿਆਰਥੀਆਂ ਨੂੰ ਏਡਜ਼ ਦੇ ਫੈਲਣ ਦੇ ਕਾਰਨਾਂ ਅਤੇ ਬਚਾਅ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ। ਉਨ੍ਹਾਂ ਨੇਂ ਐੱਚ. ਆਈ. ਵੀ. ਅਤੇ ਏਡਜ਼ ਬਾਰੇ ਵਿਸਥਾਰ ਵਿੱਚ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਕਿਹਾ ਐੱਚ. ਆਈ. ਵੀ. ਦਾ ਪੂਰਾ ਅਰਥ ਹੈ, ਹਿਊਮਨ ਇਮੁਨਿਓ ਡੈਫੀਸੈਂਸ਼ੀ ਵਾਇਰਸ। ਇਹ ਇੱਕ ਅਜਿਹਾ ਵਾਇਰਸ ਹੈ ਜਿਹੜਾ ਕਿ ਸਾਡੇ ਸ਼ਰੀਰ ਦੀ ਰੋਗਾਂ ਨਾਲ਼ ਲੜਨ ਦੀ ਸ਼ਕਤੀ ਨੂੰ ਖਤਮ ਕਰਦਾ ਹੈ। ਇਸਨੂੰ ਕੁਝ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਏਡਜ਼ ਹੱਥ ਮਿਲਾਉਣ, ਪੀੜਿਤ ਵਿਅਕਤੀ ਦੇ ਨਾਲ਼ ਬੈਠਣ, ਆਦਿ ਨਾਲ਼ ਨਹੀਂ ਫੈਲਦਾ। ਜੇਕਰ ਰੋਗੀ ਵਿਅਕਤੀ ਦੇ ਮੂੰਹ ਵਿੱਚ ਕੋਈ ਛਾਲਾ ਜਾਂ ਜ਼ਖ਼ਮ ਨਹੀਂ ਹੈ ਤਾਂ ਵੀ ਉਸਦਾ ਥੁੱਕ ਏਡਜ਼ ਫੈਲਣ ਦਾ ਕਾਰਨ ਨਹੀਂ ਬਣਦਾ ਹੈ। ਏਡਜ਼ ਸਿਰਫ਼ ਅਸੁਰੱਖਿਅਤ ਸ਼ਰੀਰਕ ਸੰਬੰਧਾਂ, ਅਣ – ਸਟੀਰੀਲਾਇਜ਼ਡ ਸਰਿੰਜਾਂ ਅਤੇ ਸੂਈਆਂ ਸਾਂਝੀਆਂ ਕਰਨ ਅਤੇ ਰੋਗੀ ਵਿਅਕਤੀ ਦੇ ਖੂਨ ਦਾ ਕਤਰਾ ਕਿਸੇ ਵੀ ਤਰੀਕੇ ਤੰਦਰੁਸਤ ਵਿਅਕਤੀ ਦੇ ਸ਼ਰੀਰ ਵਿੱਚ ਚਲੇ ਜਾਣ ਕਰਕੇ ਫੈਲਦਾ ਹੈ। ਏਡਜ਼ ਦਾ ਕੋਈ ਵੀ ਇਲਾਜ ਨਹੀਂ ਹੈ। ਇਸਦੇ ਬਚਾਅ ਵਿੱਚ ਹੀ ਇਲਾਜ ਹੈ। ਇਸਦਾ ਵਿਅਕਤੀਗਤ ਪੱਧਰ ਤੇ ਪਤਾ ਲਗਾਉਣ ਲਈ ਕੁਝ ਲੱਛਣ ਹਨ ਜਿਵੇਂ, ਜਲਦੀ ਬੁਖ਼ਾਰ ਹੋਣਾ, ਸਾਹ ਲੈਣ ਵਿੱਚ ਤਕਲੀਫ਼, ਜਲਦੀ ਜੁਕਾਮ ਹੋਣਾ, ਕੰਨਾਂ ਵਿੱਚ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਗਲ਼ਾ ਸੁੱਕਣਾ, ਸਿਰਦਰਦ, ਲਗਾਤਾਰ ਵਜ਼ਨ ਦਾ ਘਟਣਾ, ਵਾਰ ਵਾਰ ਇਨਫੈਕਸ਼ਨ ਆਦਿ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਂਦਾ ਹੈ, ਕਿਉਂਕਿ ਗੰਦੇ ਥਾਵਾਂ ਤੇ ਰੋਗੀ ਵਿਅਕਤੀਆਂ ਵੱਲੋਂ ਤਿਆਰ ਕੀਤਾ ਫੂਡ ਵੀ ਇਸਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਨੇਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਇਸ ਲਾ – ਇਲਾਜ ਬਿਮਾਰੀ ਤੋਂ ਸੁਚੇਤ ਰਹਿਣਾ ਚਾਂਹੀਦਾ ਹੈ। ਇਸ ਉਪਰੰਤ ਕਾਲਜ ਪ੍ਰਿੰਸੀਪਲ ਮਲਵਿੰਦਰ ਸਿੰਘ ਨੇਂ ਕਿਹਾ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਅਜਿਹੀਆਂ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਕਾਲਜ ਦੇ ਵੱਖ ਵੱਖ ਵਿਭਾਗਾਂ ਵੱਲੋਂ ਸਮੇਂ ਸਮੇਂ ਤੇ ਜਾਗਰੂਕਤਾ ਲੈਕਚਰ, ਰਾਸ਼ਟਰੀ ਸੈਮੀਨਾਰ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਉਪਰੰਤ ਉਨ੍ਹਾਂ ਨੇਂ ਡਾ. ਦੀਪਕ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਦੀਪਕ ਸਿੰਗਲਾ ਦੁਆਰਾ ਕਹੀਆਂ ਗੱਲਾਂ ਨੂੰ ਵਿਦਿਆਰਥੀਆਂ ਨੇਂ ਧਿਆਨ ਨਾਲ ਸੁਣਿਆ ਹੈ ਅਤੇ ਇਹ ਕੀਮਤੀ ਗੱਲਾਂ ਜਰੂਰ ਹੀ ਸਮਾਜ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਮਦਦਗਾਰ ਸਾਬਤ ਹੋਣਗੀਆਂ। ਇਸ ਉਪਰੰਤ ਉਨ੍ਹਾਂ ਨੇਂ ਡਾ. ਦੀਪਕ ਸਿੰਗਲਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੰਚ ਸੰਚਾਲਨ ਪ੍ਰੋ. ਸੁਖਪਾਲ ਸਿੰਘ ਵੱਲੋਂ ਕੀਤਾ ਗਿਆ। ਇਸ ਦੌਰਾਨ ਡਾ. ਵੰਦਨਾ ਸੁਖੀਜਾ, ਪ੍ਰੋ. ਸੁਖਜੀਤ ਸਿੰਘ, ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਪ੍ਰੋ. ਸੁਖਪਾਲ ਸਿੰਘ, ਪ੍ਰੋ. ਜਸਪ੍ਰੀਤ ਸਿੰਘ, ਪ੍ਰੋ. ਭਿੰਦਰਜੀਤ ਕੌਰ, ਪ੍ਰੋ. ਗਗਨਦੀਪ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।


