
ਕਮਿਸ਼ਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਵਚਨਵੱਧ -ਰਾਜ ਲਾਲੀ ਗਿੱਲ
ਸਮਾਜ ਨੂੰ ਅਪੀਲ – “ਛੋਟੀਆਂ-ਛੋਟੀਆਂ ਗੱਲਾਂ ਨਾਲ ਰਿਸ਼ਤਿਆਂ ਵਿੱਚ ਵਿਗਾੜ ਨਾ ਪਾਇਆ ਜਾਵੇ”
ਸੰਗਰੂਰ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਔਰਤਾਂ ਦੀਆਂ ਸੁਣੀਆਂ ਮੁਸ਼ਕਿਲਾਂ, 35 ਵਿੱਚੋਂ 30 ਕੇਸਾਂ ਦਾ ਨਿਪਟਾਰਾ
ਸੰਗਰੂਰ, 25 ਸਤੰਬਰ (ਹਿਮਾਂਸ਼ੂ ਗੋਇਲ) – ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਰਾਜ ਲਾਲੀ ਗਿੱਲ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਔਰਤਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਖੁੱਲ੍ਹੇ ਦਰਬਾਰ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਨਾਲ ਸੰਬੰਧਿਤ ਕਮਿਸ਼ਨ ਕੋਲ ਚੱਲ ਰਹੇ 25 ਕੇਸਾਂ ਦੀ ਸੁਣਵਾਈ ਹੋਈ ਜਦਕਿ 10 ਨਵੇਂ ਕੇਸ ਵੀ ਇਸ ਜਨ ਸੁਣਵਾਈ ਦੌਰਾਨ ਆਏ। ਕੁੱਲ 35 ਕੇਸਾਂ ਵਿੱਚੋਂ 30 ਕੇਸਾਂ ਦਾ ਆਪਸੀ ਰਜ਼ਾਮੰਦੀ ਜਾਂ ਕਾਨੂੰਨੀ ਤਰੀਕੇ ਨਾਲ ਮੌਕੇ ਉੱਤੇ ਨਿਪਟਾਰਾ ਕੀਤਾ ਗਿਆ।
ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇੱਥੇ ਇਹਨਾਂ ਕੇਸਾਂ ਦੀ ਸੁਣਵਾਈ ਕਰਦਿਆਂ ਜਾਂਚ ਅਧਿਕਾਰੀਆਂ ਨੂੰ ਕਾਨੂੰਨੀ ਦਾਇਰੇ ਵਿੱਚ ਰਹਿੰਦਿਆਂ ਜਲਦ ਤੋਂ ਜਲਦ ਜਾਂਚ ਮੁਕੰਮਲ ਕਰਨ ਅਤੇ ਪੀੜਿਤ ਧਿਰਾਂ ਨੂੰ ਇਨਸਾਫ ਦਿਵਾਇਆ ਜਾਣਾ ਯਕੀਨੀ ਬਣਾਉਣ ਦੀਆਂ ਸਖਤ ਹਦਾਇਤਾਂ ਕੀਤੀਆਂ।
ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਮਿਸ਼ਨ ਕਿਸੇ ਵੀ ਕੇਸ ਵਿੱਚ ਸੱਸਾਂ ਜਾਂ ਨੂੰਹਾਂ ਵਿੱਚ ਫ਼ਰਕ ਨਹੀਂ ਕਰਦਾ, ਕਮਿਸ਼ਨ ਸਾਰਿਆਂ ਲਈ ਬਰਾਬਰ ਹੈ। ਹਰੇਕ ਫੈਸਲਾ ਸਿਰਫ ਮੈਰਿਟ ਦੇ ਅਧਾਰ ਉੱਤੇ ਹੀ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕਮਿਸ਼ਨ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਿਹਾ ਹੈ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੱਥੇ ਅਧਿਕਾਰ ਸਾਡਾ ਹੱਕ ਹਨ ਉਥੇ ਹੀ ਸਮਾਜ ਦੀ ਬਿਹਤਰੀ ਲਈ ਸਭ ਧਿਰਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਵੀ ਓਨਾ ਹੀ ਸੁਚੇਤ ਰਹਿਣਾ ਚਾਹੀਦਾ ਹੈ ।
ਉਹਨਾਂ ਆਖਿਆ ਕਿ ਮਹਿਲਾ ਕਮਿਸ਼ਨ ਵੱਲੋਂ ਵੱਖ-ਵੱਖ ਜਿਲ੍ਹਿਆਂ ਵਿੱਚ ਇਸ ਤਰ੍ਹਾਂ ਦੇ ਖੁੱਲ੍ਹੇ ਦਰਬਾਰ ਲਗਾਉਣ ਦਾ ਉਦੇਸ਼ ਇਹ ਹੈ ਕਿ ਔਰਤਾਂ ਨੂੰ ਸੁਣਵਾਈ ਲਈ ਕਮਿਸ਼ਨ ਦੇ ਮੁੱਖ ਦਫਤਰ ਤੱਕ ਚੱਲ ਕੇ ਆਉਣ ਦੀ ਦਿੱਕਤ ਨਾ ਹੋਵੇ ਅਤੇ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਇਸ ਤਰ੍ਹਾਂ ਦੀ ਸੁਣਵਾਈ ਹੋਣ ਨਾਲ ਉਹਨਾਂ ਨੂੰ ਵੱਡੀ ਸੌਖ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਜਲਦੀ ਅਤੇ ਸੌਖਾ ਨਿਆਂ ਉਪਲਬਧ ਕਰਵਾਉਣਾ ਯਕੀਨੀ ਹੁੰਦਾ ਹੈ।
ਉਹਨਾਂ ਅੱਗੇ ਕਿਹਾ ਕਿ ਸਮਾਜ ਵਿੱਚ ਔਰਤ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਪੁਰਸ਼ਾਂ ਨੂੰ ਵੀ ਇਸ ਸੱਚ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਔਰਤ ਘਰ ਨੂੰ ਬਚਾਉਣ ਲਈ ਹਰ ਹੀਲਾ ਵਰਤਦੀ ਹੈ ਪਰ ਇਸ ਦਾ ਇਹ ਅਰਥ ਨਹੀਂ ਕਿ ਉਸ ਉਤੇ ਕੋਈ ਅੱਤਿਆਚਾਰ ਹੋਵੇ ਅਤੇ ਫਿਰ ਵੀ ਉਹ ਚੁੱਪ ਰਹੇ। ਉਹਨਾਂ ਆਖਿਆ ਕਿ ਕਮਿਸ਼ਨ ਜਿੱਥੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣੀ ਯਕੀਨੀ ਬਣਾਉਂਦਾ ਹੈ ਉੱਥੇ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਪਤੀ ਪਤਨੀ ਦੇ ਝਗੜਿਆਂ ਦਾ ਕੋਈ ਸਾਰਥਕ ਹੱਲ ਨਿਕਲੇ ਅਤੇ ਗੱਲ ਤਲਾਕ ਤੱਕ ਨਾ ਜਾਵੇ ।
ਉਹਨਾਂ ਆਖਿਆ ਕਿ ਕੋਈ ਵੀ ਪੀੜਿਤ ਔਰਤ ਕਮਿਸ਼ਨ ਤੱਕ ਪਹੁੰਚ ਕਰ ਸਕਦੀ ਹੈ। ਇਸ ਤੋਂ ਬਿਨਾਂ ਆਪਣੇ ਸਬੰਧਤ ਜ਼ਿਲ੍ਹੇ ਦੇ ਮਹਿਲਾ ਸੈੱਲ ਵਿੱਚ ਵੀ ਅਰਜ਼ੀ ਦਿੱਤੀ ਜਾਵੇ ਅਤੇ ਉਸਦੀ ਨਕਲ ਕਮਿਸ਼ਨ ਕੋਲ ਭੇਜ ਦਿੱਤੀ ਜਾਵੇ ਤਾਂ ਕਮਿਸ਼ਨ ਸ਼ਿਕਾਇਤ ਉਤੇ ਜਲਦੀ ਕਾਰਵਾਈ ਕਰਵਾਉਣੀ ਯਕੀਨੀ ਬਣਾਉਂਦਾ ਹੈ।
ਇਸ ਮੌਕੇ ਉਹਨਾਂ ਨੇ ਸਮਾਜ ਨੂੰ ਅਪੀਲ ਕੀਤੀ ਕਿ ਛੋਟੀਆਂ ਛੋਟੀਆਂ ਗੱਲਾਂ ਨਾਲ ਰਿਸ਼ਤਿਆਂ ਵਿੱਚ ਵਿਗਾੜ ਨਾ ਪਾਇਆ ਜਾਵੇ ਅਤੇ ਪਰਿਵਾਰਕ ਇਕਾਈ ਦੇ ਮਹੱਤਵ ਨੂੰ ਸਮਝਦਿਆਂ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਐੱਸ ਪੀ (ਸਥਾਨਕ) ਸ੍ਰ ਦਿਲਪ੍ਰੀਤ ਸਿੰਘ, ਐਸਡੀਐਮ ਸ੍ਰ ਚਰਨਜੋਤ ਸਿੰਘ ਵਾਲੀਆ, ਜ਼ਿਲ੍ਹਾ ਪ੍ਰੋਗਰਾਮ ਅਫਸਰ ਰਿਤੇਂਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।