
👉 “ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਹਨ, ਉਹ ਆਪਣੇ ਵਿਦਿਆਰਥੀਆਂ ਲਈ ਸਦਾ ਚਿਰਾਗ ਵਾਂਗ ਬਲਦੇ ਹਨ” – ਰਾਜ ਕੁਮਾਰ ਅਰੋੜਾ, ਰਵਿੰਦਰ ਗੁੱਡੂ
ਸੰਗਰੂਰ, (ਬਲਵਿੰਦਰ ਅਜ਼ਾਦ) ਨੈਸ਼ਨਲ ਅਧਿਆਪਕ ਦਿਵਸ ਮੌਕੇ ਤੇ ਬੋਲਦਿਆਂ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਸ੍ਰੀ ਰਾਜ ਕੁਮਾਰ ਅਰੋੜਾ, ਸਮਾਜ ਸੇਵੀ ਅਤੇ ਐਸੋਸੀਏਸ਼ਨ ਦੇ ਚੇਅਰਮੈਨ ਪੈਨਸ਼ਨਰ ਆਗੂ ਸ੍ਰੀ ਰਵਿੰਦਰ ਸਿੰਘ ਗੁੱਡੂ ਨੇ ਕਿਹਾ ਕਿ ਅਧਿਆਪਕ ਨੂੰ ਕੌਮ ਦੇ ਨਿਰਮਾਤਾ ਵਜੋਂ ਜਾਣਿਆਂ ਜਾਂਦਾ ਹੈ। ਅਧਿਆਪਨ ਕਿੱਤੇ ਨੂੰ ਸਭ ਤੋਂ ਪਵਿੱਤਰ ਕਿੱਤਾ ਮੰਨਿਆ ਜਾਂਦਾ ਹੈ। ਵਿਦਿਆਰਥੀ ਬਾਲ ਅਵਸਥਾ ਵਿੱਚ ਅਧਿਆਪਕ ਕੋਲ ਪੜ੍ਹਨ ਸਿੱਖਣ ਆਉਂਦੇ ਹਨ ਤੇ ਅਧਿਆਪਕ ਦੁਆਰਾ ਆਪਣੀ ਮਿਹਨਤ, ਸੂਝਬੂਝ ਨਾਲ ਉਸਦਾ ਸੁਨਹਿਰੀ ਭਵਿੱਖ ਨਿਰਧਾਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਦਾ ਜਦੋਂ ਜਨਮ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮਾਤਾ ਨੂੰ ਹੀ ਗੁਰੂ ਮੰਨਿਆ ਜਾਂਦਾ ਹੈ। ਮਾਤਾ ਹੀ ਉਸਨੂੰ ਬੋਲਣਾ, ਚਲਨਾ ਫਿਰਨਾ ਸਿਖਾਉਂਦੀ ਹੈ। ਮਾਤਾ ਤੋਂ ਮਗਰੋ ਅਧਿਆਪਕ ਹੀ ਗੁਰੂ ਹੁੰਦਾ ਹੈ। ਜੋ ਇਨਸਾਨ ਨੂੰ ਸਮਾਜ ਵਿੱਚ ਇੱਕ ਆਦਰਸ਼ ਇਨਸਾਨ ਦੇ ਤੌਰ ਤੇ ਵਿਚਰਨਾ ਸਿਖਾਉਂਦਾ ਹੈ। ਜਿਸਦੀ ਸ਼ੁਰੂਆਤ ਉਹ ਅੱਖਰੀ ਗਿਆਨ ਅਤੇ ਗਣਿਤ ਗਿਆਨ ਤੋਂ ਕਰਦਾ ਹੈ। ਸਕੂਲ ਸਮੇਂ ਤੋਂ ਵੱਡਿਆ ਦਾ ਸਤਿਕਾਰ ਕਰਨਾ। ਆਪਸ ਵਿੱਚ ਮਿਲਜੁੱਲ ਕੇ ਰਹਿਣਾ, ਔਖੇ ਵੇਲੇ ਸਾਥੀਆਂ ਦੀ ਸਹਾਇਤਾ ਕਰਨੀ, ਦੂਸਰੇ ਦੇ ਦੁੱਖ ਨੂੰ ਮਹਿਸੂਸ ਕਰਕੇ ਫਿਰ ਉਸਦੀ ਸਹਾਇਤਾ ਕਰਨੀ, ਕੁਦਰਤ ਨਾਲ ਪਿਆਰ ਕਰਨਾ, ਦੇਸ਼ ਪ੍ਰੇਮ ਆਦਿ ਅਨੇਕ ਗੁਣਾਂ ਦਾ ਨਿਰਮਾਣ ਅਧਿਆਪਕ ਹੀ ਕਰਦਾ ਹੈ। ਇੱਕ ਅਧਿਆਪਕ ਭਾਵੇ ਆਪ ਕਿਤਨੇ ਔਕੜਾਂ ਵਿੱਚ ਹੋਵੇ ਪਰ ਉਹ ਆਪਣੇ ਵਿਦਿਆਰਥੀਆਂ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹਿਣ ਲਈ ਤਿਆਰ ਕਰਦਾ ਹੈ। ਉਨ੍ਹਾਂ ਦੇ ਭਵਿੱਖ ਨੂੰ ਉਜਵਲ ਕਰਨ ਲਈ ਆਪਣੇ ਗਿਆਨ ਨੂੰ ਵੀ ਵਧਾਉਣ ਲਈ ਸਮੇਂ-ਸਮੇਂ ਹਮੇਸ਼ਾ ਉਪਰਾਲੇ ਕਰਦਾ ਰਹਿੰਦਾ ਹੈ। ਅਧਿਆਪਕ ਹਮੇਸ਼ਾ ਵਿਦਿਆਰਥੀਆਂ ਨੂੰ ਆਪਣੀ ਔਲਾਦ ਨਾਲੋਂ ਵੀ ਵੱਧ ਪਿਆਰ ਕਰਦਾ ਹੈ। ਉਹ ਕਦੇ ਨਹੀਂ ਸੋਚਦਾ ਕੀ ਇਹ ਬੱਚਾ ਕਿਸ ਜਾਤ-ਧਰਮ ਦਾ ਹੈ। ਉਸਦੀ ਦਿੱਲੀ ਇੱਛਾ ਹੁੰਦੀ ਹੈ ਕਿ ਮੇਰਾ ਵਿਦਿਆਰਥੀ ਹਮੇਸ਼ਾ ਅੱਗੇ ਵਧੇ, ਵੱਡਾ ਹੋ ਕੇ ਚੰਗੇ ਅਹੁੱਦੇ ਦੇ ਪਹੁੰਚੇ ਤਾਂ ਕਿ ਅਧਿਆਪਕ ਬੜੇ ਮਾਨ ਨਾਲ ਕਹੇ ਕਿ ਇਹ ਮੇਰਾ ਵਿਦਿਆਰਥੀ ਰਿਹਾ ਹੈ। ਅਧਿਆਪਕ ਇੱਕ ਚਿਰਾਗ ਦੀ ਤਰ੍ਹਾਂ ਹੁੰਦਾ ਹੈ ਜੋ ਹਮੇਸ਼ਾ ਆਪ ਬਲਦਾ ਹੈ ਅਤੇ ਦੂਸਰਿਆਂ ਨੂੰ ਰੋਸ਼ਨੀ ਵੰਡਦਾ ਹੈ। ਸੰਸਾਰ ਵਿੱਚ ਗੁਰੂ ਨੂੰ ਭਗਵਾਨ ਤੱਕ ਦਾ ਸਥਾਨ ਦਿੱਤਾ ਗਿਆ ਹੈ। ਇੱਥੋਂ ਤੱਕ ਕ ਗੁਰੂ ਨੂੰ ਪਰਮਾਤਮਾ ਤੋਂ ਪਹਿਲਾਂ ਮੰਨਿਆ ਗਿਆ ਹੈ। ਸੋ ਅਧਿਆਪਕ ਦਾ ਸਨਮਾਨ ਕਰਨਾ ਇੱਕ ਪੂਜਾ ਕਰਨ ਦੇ ਬਰਾਬਰ ਹੈ। ਉਹ ਲੋਕ ਧੰਨ ਹਨ ਜੋ ਅੱਜ ਦੇ ਸਮਾਜ ਵਿੱਚ ਆਪਣੇ ਗੁਰੂ ਅਧਿਆਪਕਾਂ ਦਾ ਸਨਮਾਨ ਕਰਦੇ ਹਨ। ਅਸੀਂ ਉਨ੍ਹਾਂ ਆਪਣੇ ਗੁਰੂ ਅਧਿਆਪਕਾਂ ਦੀ ਹਮੇਸ਼ਾ ਰੀਣੀ ਹਾਂ। ਜਿਨ੍ਹਾਂ ਸਦਕਾ ਅਸੀਂ ਇਸ ਰੁਤਬੇ ਤੱਕ ਪਹੁੰਚੇ ਹਾਂ। ਅਸੀਂ ਆਪਣੇ ਅਧਿਆਪਕਾਂ ਦੀ ਕ੍ਰਿਪਾ ਹਮੇਸ਼ਾ ਯਾਦ ਕਰਦੇ ਅਤੇ ਨਤਮਸਤਕ ਹੁੰਦੇ ਹਾਂ। ਅਧਿਆਪਕ ਦਿਵਸ ਹਰ ਸਾਲ 05 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦੇ ਦੂਜੇ ਰਾਸ਼ਟਰਪਤੀ ਸਰਭਪੱਲੀ ਡਾ. ਰਾਧਾ ਕ੍ਰਿਸ਼ਨਨ ਜੀ ਦਾ ਜਨਮ ਹੋਇਆ ਸੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਇਹ ਉੱਚ ਕੋਟੀ ਦੇ ਅਧਿਆਪਕ, ਉੱਘੇ ਲੇਖਕ, ਦਾਰਸ਼ਨਿਕ ਵਿਚਾਰਕ ਅਤੇ ਬੁਲਾਰੇ ਸਨ। ਸਾਲ 1954 ਵਿੱਚ ਇਨ੍ਹਾਂ ਨੂੰ ਭਾਰਤ ਰਤਨ ਅਵਾਰਡ ਮਿਲਿਆ। 20ਵੀਂ ਸਦੀ ਦੇ ਅਗਲੇ ਵਿਦਵਾਨ, ਲੇਖਕ, ਅਧਿਆਪਕ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਸਾਡਾ ਦੇਸ਼ ਮਨਾ ਕੇ ਉਨ੍ਹਾਂ ਨੂੰ ਯਾਦ ਅਤੇ ਸਿਜਦਾ ਕਰਦਾ ਹੈ। ਇਸ ਮੌਕੇ ਤੇ ਨੈਸ਼ਨਲ ਅਵਾਰਡੀ ਮਾਸਟਰ ਸਤਦੇਵ ਸ਼ਰਮਾ, ਡਾ. ਰਾਮ ਸਰੂਪ ਅਲੀਸ਼ੇਰ, ਰਜਿੰਦਰ ਸਿੰਘ ਚੰਗਾਲ(ਤਗੜ), ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਓਮ ਪ੍ਰਕਾਸ਼ ਖਿੱਪਲ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਕਿਸ਼ੋਰੀ ਲਾਲ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ ਆਦਿ ਵੀ ਮੌਜੂਦ ਸਨ।