
ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਮੁਆਵਜ਼ਾ ਦਿਵਾਉਣ ਦਾ ਦਿੱਤਾ ਭਰੋਸਾ
ਭਾਰੀ ਬਾਰਸ਼ ਕਾਰਨ ਨੁਕਸਾਨੇ ਘਰਾਂ ਦੀ ਸਾਰ ਲਵੇ ਸਰਕਾਰ: ਸ਼੍ਰੀ ਦਰਸ਼ਨ ਕਾਂਗੜਾ
ਮਹਿਲ ਕਲਾਂ/ਬਰਨਾਲਾ (ਹਿਮਾਂਸ਼ੂ ਗੋਇਲ) ਸੀਨੀਅਰ ਦਲਿਤ ਲੀਡਰ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਅੱਜ ਵਗਦੇ ਮੀਂਹ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਭਾਰੀ ਬਰਸਾਤ ਕਾਰਨ ਪੀੜਤ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਹੋਰ ਵੱਖ-ਵੱਖ ਸੂਬਿਆਂ ਸਣੇਂ ਪੰਜਾਬ ਅੰਦਰ ਭਾਰੀ ਬਾਰਸ਼ ਕਾਰਨ ਆਏ ਹੜਾਂ ਨੇ ਤਬਾਹੀ ਮਚਾ ਰੱਖੀ ਹੈ। ਜਿਸ ਕਾਰਨ ਪੰਜਾਬ ਦੇ ਕਈ ਜ਼ਿਲਿਆਂ ਅੰਦਰ ਵੱਡੇ ਪੱਧਰ ਤੇ ਪਾਣੀ ਕਾਰਨ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਗਰੀਬਾਂ ਦੇ ਰੇਣ ਬਸੇਰੇ ਵੀ ਢਹਿ ਢੇਰੀ ਹੋ ਗਏ ਹਨ ਪ੍ਰੰਤੂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਇਸ ਪ੍ਰਤੀ ਬਿਲਕੁੱਲ ਵੀ ਗੰਭੀਰ ਨਹੀਂ ਹੈ।
ਸ਼੍ਰੀ ਕਾਂਗੜਾ ਨੇ ਕਿਹਾ ਕਿ ਹਲਕੇ ਦੇ ਪਿੰਡ ਹਮੀਦੀ, ਖੇੜੀ ਚਹਿਲਾਂ, ਸਹਿਜੜਾ ਸਣੇ ਕਈ ਪਿੰਡਾਂ ਵਿੱਚ ਲੋਕਾਂ ਦੇ ਮਕਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਲਈ ਯਤਨ ਕਰਨਗੇ ਉਨ੍ਹਾਂ ਕਿਹਾ ਕਿ ਅਜਿਹੀ ਸੰਕਟ ਦੀ ਘੜੀ ਵਿੱਚ ਸਰਕਾਰ ਨੂੰ ਇਹਨਾਂ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਪਰੰਤੂ ਸਰਕਾਰ ਆਪਣੀ ਜ਼ਿਮੇਵਾਰੀ ਨੂੰ ਨਿਭਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਨਜ਼ਰ ਆ ਰਹੀ ਹੈ।
ਸ਼੍ਰੀ ਦਰਸ਼ਨ ਕਾਂਗੜਾ ਨੇ ਪੰਜਾਬ ਦੇ ਉਨ੍ਹਾਂ ਕਲਾਕਾਰਾਂ,ਐਨ ਆਰ ਆਈਜ਼, ਸਮਾਜ ਸੇਵੀ ਸੰਸਥਾਵਾਂ ਤੇ ਇਸ ਔਖੀ ਘੜੀ ਵਿੱਚ ਮਦਦ ਲਈ ਅੱਗੇ ਆਏ ਸਮੂਹ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਹੜਾਂ ਦੀ ਲਪੇਟ ਵਿੱਚ ਆਏ ਉਨ੍ਹਾਂ ਜ਼ਿਲਿਆਂ ਦੇ ਲੋਕਾਂ ਦੀ ਬਾਂਹ ਫੜਨ ਦੇ ਨਾਲ ਨਾਲ ਪੰਜਾਬ ਦੇ ਹੋਰ ਪਿੰਡਾਂ ਵਿੱਚ ਉਨ੍ਹਾਂ ਲੋਕਾਂ ਦਾ ਵੀ ਸਹਾਰਾ ਬਣਨ ਜਿਨ੍ਹਾਂ ਦੇ ਮਕਾਨਾਂ ਦੇ ਨੁਕਸਾਨ ਅਤੇ ਰੋਜ਼ੀ ਰੋਟੀ ਚਲਾਉਣ ਵਾਲੇ ਕੰਮਕਾਜ ਪ੍ਰਭਾਵਿਤ ਹੋਏ ਹਨ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਉਹ ਅਤੇ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਦੀ ਤਰ੍ਹਾਂ ਇਸ ਮੁਸਿਬਤ ਦੇ ਸਮੇਂ ਵੀ ਨਾਲ ਖੜ੍ਹੀ ਹੈ। ਇਸ ਮੌਕੇ ਸ਼੍ਰੀ ਦਰਸ਼ਨ ਕਾਂਗੜਾ ਨਾਲ ਹੋਰਨਾਂ ਤੋਂ ਇਲਾਵਾ ਮੈਂਬਰ ਪ੍ਰਗਟ ਸਿੰਘ ਖੈੜੀ, ਰਣਜੀਤ ਸਿੰਘ ਖੈੜੀ, ਸਰਬਜੀਤ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ, ਜਸਵਿੰਦਰ ਸਿੰਘ ਹਮੀਦੀ, ਪ੍ਰਕਾਸ਼ ਸਿੰਘ, ਸਰਬਜੀਤ ਕੌਰ, ਚਮਕੌਰ ਸਿੰਘ ਸ਼ੇਰਪੁਰ, ਰੁਪਿੰਦਰ ਸਿੰਘ ਟਿੱਬਾ ਆਦਿ ਹਾਜ਼ਰ ਸਨ।