
ਕਿਹਾ ; ਬਰਸਾਤੀ ਨਾਲਿਆਂ ਤੇ ਡਰੇਨਾਂ ਦੀ ਸਫਾਈ ਦੀ ਹੋਵੇ ਉੱਚ ਪੱਧਰੀ ਜਾਂਚ
ਅਮਰਗੜ੍ਹ,3 ਸਤੰਬਰ (ਵਤਨ ਬਾਠ)-ਪੰਜਾਬ ਦਾ ਵੱਡਾ ਹਿੱਸਾ ਅੱਜ ਹੜ੍ਹਾਂ ਦੇ ਪਾਣੀ ਦੀ ਲਪੇਟ ਵਿੱਚ ਹੈ,ਇਸ ਲਈ ਕਥਿਤ ਪੰਜਾਬ ਸਰਕਾਰ ਡਰਾਮੇ ਬੰਦ ਕਰਕੇ ਸੰਜੀਦਗੀ ਨਾਲ ਕੇਂਦਰ ਸਰਕਾਰ ਨਾਲ ਤਾਲਮੇਲ ਤਾਂ ਜੋ ਪੰਜਾਬ ਨੂੰ ਮੌਜੂਦਾ ਸੰਕਟ ‘ਚੋਂ ਉਭਾਰਿਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀਯ ਜਨਤਾ ਪਾਰਟੀ ਦੇ ਅਮਰਗੜ੍ਹ ਤੋਂ ਇਨਚਾਰਜ ਹੀਰਾ ਸਿੰਘ ਨੇ ਵਿਸ਼ੇਸ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਮਸਲੇ ‘ਤੇ ਰਾਜਨੀਤੀ ਤੇ ਡਰਾਮੇ ਕਰਨੇ ਠੀਕ ਨਹੀਂ ਹੁੰਦੇ। ਇਹ ਸਮਾਂ ਹੜ ਪੀੜਤਾਂ ਦੀ ਦਿਲੋਂ ਮਦਦ ਕਰਨ ਦਾ ਹੈ,ਨਾਂ ਕਿ ਡਰਾਮੇਬਾਜ਼ੀ ਜਾਂ ਰਾਜਨੀਤੀ ਕਰਨ ਦਾ! ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਹਿਰਾਂ,ਸੂਇਆਂ ਤੇ ਡਰੇਨਾਂ ਦੀ ਸਫਾਈ ਸਮੇਂ ਸਿਰ ਬਿਲਕੁਲ ਵੀ ਨਹੀਂ ਕਰਵਾਈ ਗਈ ਹੈ,ਜਿਸ ਕਾਰਨ ਜਿੱਥੇ ਦਰਿਆਵਾਂ ਦਾ ਪਾਣੀ ਨਹੀਂ ਪਹੁੰਚਿਆ ਉਥੇ ਵੀ ਮੀਹ ਦੇ ਪਾਣੀ ਨਾਲ ਹੀ ਹੜਾਂ ਵਰਗੇ ਹਾਲਾਤ ਬਣਨ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਨਾਲਿਆਂ ਤੇ ਡਰੇਨਾਂ ਦੀ ਸਫਾਈ ਸਿਰਫ ਕਾਗਜਾਂ ਵਿੱਚ ਹੀ ਕੀਤੀ ਗਈ। ਕੇਂਦਰ ਵੱਲੋਂ ਆਇਆ ਹੜਾਂ ਨਾਲ ਨਜਿੱਠਣ ਲਈ ਪੈਸਾ ਪਤਾ ਨਹੀਂ ਕਿੱਥੇ ਚਲਾ ਗਿਆ? ਉਹਨਾਂ ਡਰੇਨਾਂ ਦੀ ਸਫਾਈ ਅਤੇ ਹੜਾਂ ਨਾਲ ਨਜਿੱਠਣ ਲਈ ਆਏ ਪੈਸੇ ਤੇ ਘਪਲੇਬਾਜ਼ੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਹੀ ਸਮੇਂ ਤੇ ਸਹੀ ਕਦਮ ਚੁੱਕੇ ਹੁੰਦੇ,ਤਾਂ ਅੱਜ ਪੰਜਾਬ ਦੇ ਇਹ ਹਾਲਾਤ ਨਾਂ ਬਣਦੇ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਗੰਭੀਰ ਬਣੇ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਕੇਂਦਰ ਗੰਭੀਰ ਹੈ ਅਤੇ ਬਹੁਤ ਨੇੜਿਓਂ ਨਜ਼ਰ ਰੱਖ ਰਿਹਾ ਹੈ। ਕੇਂਦਰੀ ਏਜੰਸੀਆਂ ਫੌਜ ਅਤੇ ਐੱਨ.ਡੀ.ਆਰ.ਐੱਫ ਹੜ੍ਹਾਂ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੌਜੂਦਾ ਹਾਲਾਤਾਂ ਤੋਂ ਬਾਹਰ ਕੱਢਣ ਲਈ ਪੰਜਾਬ ਭਾਜਪਾ ਆਪਣੇ ਪੱਧਰ ‘ਤੇ ਵੀ ਕੰਮ ਕਰ ਰਹੀ ਹੈ।ਇਸ ਤੋਂ ਇਲਾਵਾ ਜਲਦ ਹੀ ਪੰਜਾਬ ਭਾਜਪਾ ਦਾ ਵਫ਼ਦ ਕੇਂਦਰੀ ਮੰਤਰੀ ਮੰਡਲ ਨੂੰ ਵੀ ਮਿਲੇਗਾ। ਉਨ੍ਹਾਂ ਇਸ ਦੁੱਖ ਦੀ ਘੜੀ ਵਿੱਚ ਕੰਮ ਕਰ ਰਹੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਵਿਸ਼ੇਸ ਧੰਨਵਾਦ ਕੀਤਾ,ਜੋ ਮਨੁੱਖਤਾ ਦਾ ਫਰਜ਼ ਪਛਾਣਦੇ ਹੋਏ ਸਰਕਾਰ ਨਾਲੋਂ ਵੀ ਪਹਿਲਾਂ ਹੜ ਪੀੜਤਾਂ ਦੀ ਸੇਵਾ ਵਿੱਚ ਦਿਨ-ਰਾਤ ਲੱਗੀਆਂ ਹੋਈਆਂ ਹਨ।