
ਭਾਰੀ ਮੀਂਹ ਅਤੇ ਹਨੇਰੀ ਨੇ ਅਮਰਗੜ੍ਹ ‘ਚ ਮਚਾਈ ਹਾਹਾਕਾਰ
ਅਮਰਗੜ੍ਹ 3 ਸਤੰਬਰ (ਵਤਨ ਬਾਠ)- ਪੰਜਾਬ ਅੰਦਰ ਆਏ ਹੜਾਂ ਅਤੇ ਭਾਰੀ ਮੀਂਹ ਪੈਣ ਕਾਰਨ ਜਿੱਥੇ ਫਸਲਾਂ,ਪਸ਼ੂਆਂ ਅਤੇ ਘਰਾਂ ਦਾ ਵੱਡੀ ਪੱਧਰ ‘ਤੇ ਨੁਕਸਾਨ ਹੋਇਆ ਹੈ,ਉੱਥੇ ਹੀ ਜਾਨੀ ਨੁਕਸਾਨ ਦੀਆਂ ਖਬਰਾਂ ਵੀ ਆ ਰਹੀਆਂ ਹਨ। ਲੰਘੀ ਰਾਤ ਲਗਾਤਾਰ ਪਏ ਭਾਰੀ ਮੀਂਹ ਅਤੇ ਤੇਜ਼ ਹਨੇਰੀ ਕਾਰਨ ਅਮਰਗੜ੍ਹ-ਨਾਭਾ ਮੇਨ ਰੋਡ ‘ਤੇ ਵੱਡੇ ਦਰੱਖਤ ਡਿੱਗਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਹ ਮਾਲੇਰਕੋਟਲਾ-ਪਟਿਆਲਾ ਦੀ ਮੇਨ ਸੜਕ ਹੋਣ ਕਾਰਨ ਇਸ ਉਪਰ ਜਿਆਦਾ ਆਵਾਜਾਈ ਹੈ ਅਤੇ ਦਰੱਖਤਾਂ ਦੇ ਡਿੱਗਣ ਕਾਰਨ ਸੜਕ ‘ਤੇ ਸਿਰਫ ਇੱਕ ਵਹੀਕਲ ਲੰਘਣ ਜਿੰਨੀ ਜਗ੍ਹਾ ਬਚੀ ਹੈ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਿੱਗੇ ਦਰਖਤਾਂ ਕਾਰਨ ਰਾਹਗੀਰਾਂ ਨੂੰ ਲੰਘਣ ਵੇਲੇ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਗੀਰਾਂ ਤੇ ਆਮ ਲੋਕਾਂ ਨੇ ਪ੍ਰਸਾਸਨ ਅਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ, ਕਿ ਇਸ ਮੁਸ਼ਕਲ ਦਾ ਹੱਲ ਤੁਰੰਤ ਕੀਤਾ ਜਾਵੇ,ਤਾਂ ਕਿ ਕਿਸੇ ਅਣਸੁਖਾਵੀ ਘਟਨਾ ਤੋਂ ਬਚਾਅ ਹੋ ਸਕੇ।
ਇਸ ਸਬੰਧੀ ਜਦੋਂ ਏਰੀਆ ਇੰਚਾਰਜ ਜੰਗਲਾਤ ਵਿਭਾਗ ਦੇ ਵਣ ਗਾਰਡ ਮੈਡਮ ਪ੍ਰਿਯੰਕਾ ਰਾਣੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਾਫੀ ਜਗ੍ਹਾ ‘ਤੇ ਤੇਜ਼ ਹਨੇਰੀ ਕਾਰਨ ਦਰਖਤ ਡਿੱਗੇ ਸਨ,ਜਿਨਾਂ ਨੂੰ ਅਸੀਂ ਵਾਰੋ-ਵਾਰੀ ਚੁਕਵਾ ਰਹੇ ਹਾਂ ਅਤੇ ਜਲਦ ਹੀ ਰਸਤਾ ਸਾਫ ਕਰ ਦਿੱਤਾ ਜਾਵੇਗਾ।