
ਧਨੌਲਾ ਵਿੱਚ ‘ਆਪ’ ਨੂੰ ਲੱਗਾ ਵੱਡਾ ਝਟਕਾ, ਨਗਰ ਕੌਂਸਲ ਮੀਤ ਪ੍ਰਧਾਨ ਸੁਖਵਿੰਦਰ ਮੁੰਦਰੀ ਨੇ ਕੀਤਾ ਪਾਰਟੀ ਦਾ ਬਾਈਕਾਟ
ਧਨੌਲਾ, 28 ਅਗਸਤ (ਹਿਮਾਂਸ਼ੂ ਗੋਇਲ)– ਆਮ ਆਦਮੀ ਪਾਰਟੀ ਜੋ ਕਿ ਸੰਗਰੂਰ-ਬਰਨਾਲਾ ਖੇਤਰ ਨੂੰ ਆਪਣੀ ਮਜ਼ਬੂਤ ਜ਼ਮੀਨ ਮੰਨਦੀ ਆਈ ਹੈ, ਹੁਣ ਉਥੇ ਹੀ ਆਹਿਸਤਾ-ਆਹਿਸਤਾ ਆਪਣਾ ਆਧਾਰ ਖੋ ਰਹੀ ਨਜ਼ਰ ਆ ਰਹੀ ਹੈ ਕਿਉਕਿ ਖਾਸ ਕਰਕੇ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਇਕ ਤੋਂ ਬਾਅਦ ਇਕ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਪਾਰਟੀ ਅੰਦਰ ਵਧ ਰਹੀਆਂ ਬਗਾਵਤੀ ਆਵਾਜ਼ਾਂ ਅਤੇ ਅਹੁਦੇਦਾਰਾਂ ਵੱਲੋਂ ਉਠ ਰਹੇ ਵਿਰੋਧ ਦੇ ਸੁਰ ਪਾਰਟੀ ਲਈ ਗੰਭੀਰ ਚੁਣੌਤੀ ਬਣੇ ਹੋਏ ਹਨ।
ਇਸ ਸੰਦਰਭ ਵਿੱਚ ਅੱਜ ਧਨੌਲਾ ਤੋਂ ਆਮ ਆਦਮੀ ਪਾਰਟੀ ਲਈ ਇਕ ਹੋਰ ਝਟਕਾ ਆਇਆ, ਜਦੋਂ ਨਗਰ ਕੌਂਸਲ ਧਨੌਲਾ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁੰਦਰੀ ਨੇ ਆਪਣੇ ਸਮਰਥਕਾਂ ਸਮੇਤ ਪਾਰਟੀ ਤੋਂ ਅਲੱਗ ਹੋਣ ਦਾ ਐਲਾਨ ਕਰ ਦਿੱਤਾ।
ਆਪਣੇ ਨਿਵਾਸ ਸਥਾਨ ‘ਤੇ ਰੱਖੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪਾਰਟੀ ਅੰਦਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਆਰੋਪ ਲਾਏ ਕਿ ਕਥਿਤ ਤੌਰ ਤੇ ਨਗਰ ਕੌਂਸਲ ਦਫ਼ਤਰ ਅੰਦਰ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਅਤੇ ਪ੍ਰਧਾਨ ਦੇ ਪੁੱਤਰ ਵੱਲੋਂ ਨਗਰ ਕੌਂਸਲ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਦਿਆਂ ਕਥਿਤ ਆਪਣੇ ਨਿੱਜੀ ਸਵਾਰਥ ਲਈ ਸਰਕਾਰੀ ਸਰੋਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਮੁੰਦਰੀ ਨੇ ਆਗੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਤਰੱਕੀ ਲਈ ਕੰਮ ਕੀਤਾ, ਪਰ ਅੱਜ ਮੀਤ ਪ੍ਰਧਾਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇੱਜ਼ਤ ਨਹੀਂ ਮਿਲ ਰਹੀ। “ਸ਼ਹਿਰ ਦੀਆਂ ਗਲੀਆਂ ਵਿੱਚ ਲਾਈਟਾਂ ਲਗਵਾਉਣ ਦੀ ਕੋਸ਼ਿਸ਼ ਵੀ ਰੋਕੀ ਜਾ ਰਹੀ ਹੈ। ਨਗਰ ਕੌਂਸਲ ਵਿੱਚ ਵਿਕਾਸ ਕਾਰਜ ਠੱਪ ਪਏ ਹਨ। ਹਾਲਾਤ ਇੰਨੇ ਵਿਗੜ ਗਏ ਹਨ ਕਿ ਜੋ ਪੈਸਾ ਸਾਡੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਇਆ ਸੀ, ਉਹ ਵੀ ਠੀਕ ਢੰਗ ਨਾਲ ਨਹੀਂ ਲੱਗ ਰਿਹਾ। ਲੋਕ ਸਾਡੇ ਕੋਲ ਕੰਮਾਂ ਦੀ ਫਰਿਆਦ ਲੈ ਕੇ ਆਉਂਦੇ ਹਨ, ਪਰ ਅਸੀਂ ਅਸਮਰਥ ਹੋ ਗਏ ਹਾਂ।”
ਇਨ੍ਹਾਂ ਸਭ ਕਾਰਣਾਂ ਕਰਕੇ ਸੁਖਵਿੰਦਰ ਸਿੰਘ ਮੁੰਦਰੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਮ ਆਦਮੀ ਪਾਰਟੀ ਤੋਂ ਰਾਹ ਅਲੱਗ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਪਾਰਟੀ ਲਈ ਇਕ ਵੱਡੀ ਚੁਣੌਤੀ ਵਜੋਂ ਵੇਖਿਆ ਜਾ ਰਿਹਾ ਹੈ, ਖਾਸ ਕਰਕੇ ਬਰਨਾਲਾ ਵਰਗੇ ਅਹਿਮ ਇਲਾਕੇ ਵਿੱਚ।
ਇਸ ਬਾਰੇ ਕੀ ਕਹਿਣਾ ਹੈ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਦਾ:
ਇਸ ਬਾਰੇ ਜਦੋਂ ਆਪ ਆਗੂ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਬੀਮਾਰ ਚੱਲ ਰਹੇ ਹਨ ਅਤੇ ਠੀਕ ਹੁੰਦਿਆਂ ਹੀ ਇਸ ਮਾਮਲੇ ਨੂੰ ਗੰਭੀਰਤਾਂ ਨਾਲ਼ ਲੈਂਦੇ ਇਸ ਦਾ ਹਰ ਸੰਭਵ ਹੱਲ ਕਰਨਗੇ।