
ਜ਼ਿਲ੍ਹਾ ਵਾਸੀਆਂ ਨੂੰ ਬਦਲਵੇਂ ਰਸਤਿਆਂ ਤੋਂ ਗੁਜ਼ਰਨ ਦੀ ਅਪੀਲ
ਬਰਨਾਲਾ, 27 ਅਗਸਤ(ਹਿਮਾਂਸ਼ੂ ਗੋਇਲ)
ਭਾਰੀ ਮੀਂਹ ਅਤੇ ਪਾਣੀ ਭਰਨ ਦੀ ਸਮੱਸਿਆ ਕਾਰਨ ਜ਼ਿਲ੍ਹਾ ਬਰਨਾਲਾ ਦੀਆਂ ਕੁਝ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਨੂੰ ਹੋਰ ਰਸਤਿਆਂ ‘ਤੇ ਮੋੜ ਦਿੱਤਾ ਗਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਟੀ. ਬੈਨਿਥ ਨੇ ਦੱਸਿਆ ਕਿ ਰਾਹਗੀਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਸੜਕਾਂ ‘ਤੇ ਚੱਲਣ ਵਾਲੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਬਰਨਾਲਾ-ਬਾਜਾਖਾਨਾ ਰੋਡ ਤੋਂ ਕੋਠੇ ਰਾਮਸਰ, ਖੁੱਡੀ ਕਲਾਂ ਤੋਂ ਸੋਲ੍ਹਾਂ ਦਾ ਮੱਠ, ਕੱਟੂ ਤੋਂ ਭੱਠਲਾਂ, ਬਰਨਾਲਾ – ਧਨੌਲਾ ਰੋਡ ਤੋਂ ਫਰਵਾਹੀ ਤੋਂ ਸੇਖਾ, ਕਾਹਨੇਕੇ ਤੋਂ ਬਦਰਾ, ਪੱਖੋ ਕਲਾਂ ਤੋਂ ਤਾਜੋਕੇ ਅਤੇ ਭੱਠਲਾਂ-ਕੱਟੂ ਆਦਿ ਸੜਕਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਆਵਾਜਾਈ ਨੂੰ ਇਨ੍ਹਾਂ ਰਸਤਿਆਂ ਤੋਂ ਮੋੜ ਦਿੱਤਾ ਹੈ।
ਇਸੇ ਤਰ੍ਹਾਂ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਕੁਝ ਹਿੱਸਿਆਂ ਨੂੰ ਰਾਹਗੀਰਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਪਿੰਡ ਝਲੂਰ ਦੀ ਫਿਰਨੀ, ਕਰਮਗੜ੍ਹ ਤੋਂ ਹਮੀਦੀ, ਝਲੂਰ ਤੋਂ ਰੇਲਵੇ ਸਟੇਸ਼ਨ ਸੇਖਾ, ਖੁੱਡੀ ਕਲਾਂ ਤੋਂ ਸੁਖਪੁਰਾ ਮੌੜ, ਫਿਰਨੀ ਪਿੰਡ ਸੇਖਾ ਅਤੇ ਕੋਟਦੁੱਨਾ ਤੋਂ ਬਦਰਾ ਸ਼ਾਮਲ ਹਨ।
ਦੁਪਹਿਰ ਡੇਢ ਵਜੇ ਇਹ ਰਿਪੋਰਟ ਦਰਜ ਹੋਣ ਤੱਕ ਇਹ ਰੂਟ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤੇ ਗਏ ਸਨ ਅਤੇ ਲੋਕਾਂ ਨੂੰ ਬਦਲਵੇਂ ਰਸਤਿਆਂ ਤੋਂ ਜਾਣ ਦੀ ਅਪੀਲ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਰੀ ਬਰਸਾਤ ਦੌਰਾਨ ਘਰਾਂ ਦੇ ਅੰਦਰ ਹੀ ਰਹਿਣ ਅਤੇ ਬਰਸਾਤ ਦੌਰਾਨ ਆਪਣੇ ਬੱਚਿਆਂ ਨੂੰ ਬਿਜਲੀ ਦੇ ਉਪਕਰਨਾਂ ਜਾਂ ਤਾਰਾਂ ਨੂੰ ਹੱਥ ਨਾ ਲਾਉਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ।
ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
ਭਾਰੀ ਮੀਂਹ ਕਾਰਨ ਉਪਜੀ ਸਥਿਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਵਲੋਂ ਸਮੇਂ ਸਮੇਂ ‘ਤੇ ਮੀਟਿੰਗਾਂ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਓਨ੍ਹਾਂ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਤੇ ਵਿਕਾਸ, ਐੱਸ ਡੀ ਐਮਜ਼, ਨਗਰ ਕੌਂਸਲ ਅਧਿਕਾਰੀਆਂ, ਪੰਚਾਇਤੀ ਰਾਜ ਅਧਿਕਾਰੀਆਂ, ਸੀਵਰੇਜ ਬੋਰਡ, ਨੈਸ਼ਨਲ ਹਾਈਵੇਅ, ਸਿਹਤ ਵਿਭਾਗ, ਡਰੇਨੇਜ, ਲੋਕ ਨਿਰਮਾਣ ਵਿਭਾਗ ਸਣੇ ਸਾਰੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਤੇਜ਼ੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ।
ਵੱਖ ਵੱਖ ਵਿਭਾਗਾਂ ਵਲੋਂ ਕਾਰਜ ਜਾਰੀ
ਸਿਵਲ ਅਤੇ ਪੁਲਿਸ ਪ੍ਰਸ਼ਾਸਨ ਪਾਣੀ ਭਰੇ ਇਲਾਕਿਆਂ ਵਿੱਚ ਫਸੇ ਲੋਕਾਂ ਦੀ ਮਦਦ ਲਈ 24 ਘੰਟੇ ਕੰਮ ਕਰ ਰਿਹਾ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਕਾਲੇਕੇ, ਢਿਲਵਾਂ, ਹਮੀਦੀ, ਭੂਰੇ, ਨਾਈਵਾਲਾ, ਸੱਦੋਵਾਲ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਸੈਂਪਲ ਲੈ ਕੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ। ਲੋਕਾਂ ਨੂੰ ਪੀਣ ਤੋਂ ਪਹਿਲਾਂ ਪਾਣੀ ਨੂੰ ਉਬਾਲਣ ਜਾਂ ਇਸ ਵਿੱਚ ਕਲੋਰੀਨ ਦੀਆਂ ਗੋਲੀਆਂ ਪਾਉਣ ਦੀ ਸਲਾਹ ਦਿੱਤੀ ਗਈ। ਹਮੀਦੀ-ਕਰਮਗੜ੍ਹ ਰੋਡ ’ਤੇ ਕਈ ਥਾਵਾਂ ’ਤੇ ਘਾਹ-ਫੂਸ ਕਾਰਨ ਪਾਣੀ ਖੜ੍ਹਾ ਹੋਣ ਕਾਰਨ ਦੋ ਕੱਟ ਲਾਏ ਗਏ। ਕੱਟ ਨਾਲ ਇਲਾਕੇ ‘ਚੋਂ ਪਾਣੀ ਨਿਕਲ ਰਿਹਾ ਹੈ। ਇਸ ਤੋਂ ਇਲਾਵਾ ਨਗਰ ਕੌਂਸਲਾਂ ਵੱਲੋਂ ਵੀ ਲਗਾਤਾਰ ਸਫਾਈ ਅਤੇ ਰੁਕੇ ਹੋਏ ਪਾਣੀ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ।