
ਧਨੌਲਾ ‘ਚ ਭਾਰੀ ਬਰਸਾਤ ਕਾਰਨ ਪਾਣੀ ਦਾ ਜਮਾਵ, ਘਰਾਂ ਵਿੱਚ ਦਾਖਲ ਹੋਇਆ ਗੰਦਾ ਪਾਣੀ
ਧਨੌਲਾ, 25 ਅਗਸਤ (ਹਿਮਾਂਸ਼ੂ ਗੋਇਲ): ਸਥਾਨਕ ਮੰਡੀ ਅੰਦਰ ਭਾਰੀ ਬਰਸਾਤ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਨਾਲ ਲੋਕਾਂ ਦੀ ਜੀਵਨਸ਼ੈਲੀ ਪੂਰੀ ਤਰ੍ਹਾਂ ਪ੍ਰਭਾਵਤ ਹੋ ਗਈ ਹੈ। ਸਥਾਨਕ ਪੋਸਟ ਆਫਿਸ ਵਾਲੀ ਗਲੀ ਅਤੇ ਭੈਣੀ ਸਾਹਿਬ ਮੁਹੱਲੇ ਵਿਖੇ ਕਰੀਬ ਦਰਜਨਾਂ ਤੋਂ ਉਪਰ ਘਰਾਂ ਵਿੱਚ ਗੰਦਾ ਪਾਣੀ ਦਾਖਲ ਹੋ ਗਿਆ ਹੈ। ਘਰਾਂ ਦੀਆਂ ਰਸੋਈਆਂ, ਬੈਡਰੂਮ ਅਤੇ ਹੋਰਨਾਂ ਘਰਾਂ ਦੇ ਹਿੱਸਿਆਂ ਵਿੱਚ ਪਾਣੀ ਭਰ ਜਾਣ ਕਾਰਨ ਜੀਵਨਸ਼ੈਲੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ।
ਇਸ ਬਾਰੇ ਵਾਰਡ ਨੰਬਰ 5 ਦੇ ਨਿਵਾਸੀ ਜੀਤੀ ਜਟਾਣਾ, ਸੁਖਵਿੰਦਰ ਸਿੰਘ ਢੀਂਡਸਾ, ਹਰਮੀਤ ਸਿੰਘ, ਜਗਤਾਰ ਸਿੰਘ, ਗੁਰਜੀਤ ਸਿੰਘ,ਸੁਰਜੀਤ ਸਿੰਘ ਆਦਿ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਬਰਸਾਤ ਦੇ ਮੌਸਮ ਵਿੱਚ ਉਹ ਇੱਕੋ ਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਕੌਂਸਲਰ, ਵਿਧਾਇਕ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਹਾਲਾਤ ਜਿਉਂ ਦੇ ਤਿਉਂ ਹਨ।
ਮਕਾਨਾਂ ਵਿੱਚ ਭਰਿਆ ਗੰਦਾ ਪਾਣੀ ਨਾ ਸਿਰਫ਼ ਨਿਵਾਸੀਆਂ ਲਈ ਤਕਲੀਫ਼ਦਾ ਬਣ ਗਿਆ ਹੈ, ਸਗੋਂ ਭਿਆਨਕ ਬਦਬੂ ਅਤੇ ਬਿਮਾਰੀਆਂ ਦੇ ਖਤਰੇ ਵੀ ਵੱਧ ਗਏ ਹਨ। ਇਲਾਕੇ ਦੇ ਲੋਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜੇ ਕਿਸੇ ਦੀ ਜਾਨ ਜਾਂ ਮਾਲ ਦਾ ਨੁਕਸਾਨ ਹੋਇਆ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਕੌਂਸਲ ਦੀ ਹੋਵੇਗੀ।
ਇਲਾਕਾ ਨੀਂਵਾ ਹੋਣ ਕਾਰਨ ਪਾਣੀ ਆਸਾਨੀ ਨਾਲ ਨਿਕਲ ਨਹੀਂ ਸਕਦਾ ਅਤੇ ਚਾਰੇ ਪਾਸੇ ਦੀਆਂ ਸੜਕਾਂ ਦਾ ਲੈਵਲ ਉੱਚਾ ਹੋਣ ਕਰਕੇ ਪਾਣੀ ਇੱਥੇ ਰੁਕ ਜਾਂਦਾ ਹੈ।
ਕੌਂਸਲ ਕਰਮਚਾਰੀ ਨਵਕਿਰਨ ਸਿੰਘ ਨੇ ਇਸ ਸਬੰਧ ਵਿੱਚ ਦੱਸਿਆ ਕਿ ਪਾਣੀ ਨਿਕਾਸੀ ਲਈ ਮੋਟਰ ਪੰਪਾਂ ਰਾਹੀਂ ਦਿਨ-ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਾਲਾਤ ਗੰਭੀਰ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਭੇਜੀ ਜਾਵੇਗੀ ਅਤੇ ਹਰ ਸੰਭਵ ਹੱਲ ਕਰਨ ਦੀ ਕੋਸ਼ਸ਼ ਕੀਤੀ ਜਾਵੇਗੀ।
ਮੁਹੱਲੇ ਦੇ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਸ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਇਸ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਅਤੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਜੇਕਰ ਮੰਡੀ ਅੰਦਰ ਪਾਣੀ ਦੇ ਨਿਕਾਸੀ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੈਂਦੇ ਮੀਂਹ ਕਾਰਨ ਹਰ ਪਾਸੇ ਪਾਣੀ ਭਰ ਗਿਆ, ਇਸ ਨਾਲ ਕੇਵਲ ਮੁਹੱਲੇ ਹੀ ਨਹੀਂ, ਸਗੋਂ ਮੁੱਖ ਮਾਰਗ ਜਿਵੇਂ ਕਿ ਬੱਸ ਸਟੈਂਡ ਰੋਡ,ਸਿਵਿਲ ਹਸਪਤਾਲ(CHC), ਸ਼ਿਵ ਮੰਦਿਰ ਵਾਲੀ ਗਲੀ ਅਤੇ ਮੁੱਖ ਬਾਜ਼ਾਰ
ਪਾਣੀ ਨਾਲ਼ ਸਮੁੰਦਰ ਦਾ ਰੂਪ ਲੈ ਗਏ ਅਤੇ ਰਾਹਗੀਰਾਂ ਦੇ ਲੰਘਣ ਲਈ ਇਕ ਵੀ ਰਸਤਾ ਅਜਿਹਾ ਨਹੀਂ ਕਿ ਕਿਸੇ ਪਾਸੇ ਵੀ ਆਇਆ ਜਾਇਆ ਜਾ ਸਕੇ।
ਇਸ ਕਾਰਨ ਬਾਜ਼ਾਰ ਦਾ ਸੰਪੂਰਨ ਵਪਾਰ ਵੀ ਕਾਫੀ ਪ੍ਰਭਾਵਿਤ ਰਿਹਾ ਅਤੇ ਇਕ ਵੀ ਦੁਕਾਨਦਾਰ ਬਾਜ਼ਾਰ ਵਿਚ ਪਾਣੀ ਭਰ ਜਾਣ ਕਾਰਨ ਆਪਣੀ ਦੁਕਾਨ ਤਾਂ ਖੋਲ੍ਹਣਾ ਦੂਰ ਸਗੋਂ ਅੰਦਰ ਪਾਣੀ ਆਉਣ ਦੇ ਡਰ ਕਾਰਨ ਦੁੱਖੀ ਜਾਪਦਾ ਰਿਹਾ। ਇਸ ਦਾ ਮੁੱਖ ਕਾਰਨ ਇਸ ਦੀ ਸਹੀ ਨਿਕਾਸੀ ਨਾ ਹੋਣਾ ਦੱਸਿਆ ਜਾ ਰਿਹਾ ਹੈ।
ਇਸ ਬਾਰੇ ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਅੱਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਬਾਂਸਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ ਅਤੇ ਰਜਨੀਸ਼ ਕੁਮਾਰ ਆਲੂ ਕੌਂਸਲਰ, ਖ਼ਜਾਨਚੀ ਵਿਜੈ ਕੁਮਾਰ ਬੱਬੂ ਨੇ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਬਾਜ਼ਾਰ ਹਰ ਪਿੰਡ ਸ਼ਹਿਰ ਦਾ ਮੁੱਖ ਧੁਰਾ ਹੁੰਦਾ ਹੈ ਅਤੇ ਇਥੋਂ ਹੀ ਬੰਦਾ ਆਪਣੇ ਲਈ ਲੋੜੀਂਦੀਆਂ ਵਸਤਾਂ ਦੀ ਖਰੀਦੋ ਫਰੋਖਤ ਕਰਦਾ ਹੈ ਅਤੇ ਜੇਕਰ ਇਹ ਹੀ ਸਮੁੰਦਰ ਦਾ ਰੂਪ ਧਾਰਨ ਕਰ ਲਵੇ ਅਤੇ ਬਾਜ਼ਾਰ ਦੇ ਪਾਣੀ ਨਿਕਾਸੀ ਦਾ ਯੋਗ ਹੱਲ ਨਾ ਕੀਤਾ ਜਾਵੇ ਤਾਂ ਇਹ ਕਾਫੀ ਗੰਭੀਰ ਸਮੱਸਿਆ ਹੈ। ਉਹਨਾਂ ਦੇ ਇਸ ਸੰਪੂਰਨ ਹੱਲ ਦੀ ਮੰਗ ਕੀਤੀ।