
ਟਰੱਕ ਦੀ ਅਚਾਨਕ ਬਰੇਕ ਕਾਰਨ ਬੱਸ ਅਤੇ ਸਕਾਰਪੀਓ ਵਿਚ ਟੱਕਰ, 25 ਯਾਤਰੀ ਜ਼ਖ਼ਮੀ
ਹੰਡਿਆਇਆ, 25 ਅਗਸਤ (ਹਿਮਾਂਸ਼ੂ ਗੋਇਲ):ਅੱਜ ਸਵੇਰੇ ਬਠਿੰਡਾ-ਚੰਡੀਗੜ੍ਹ ਹਾਈਵੇ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਹੰਡਿਆਇਆ ਨੇੜੇ ਕਿਸਾਨ ਢਾਬੇ ਦੇ ਕੋਲ ਉਸ ਸਮੇਂ ਹੋਇਆ, ਜਦ ਇੱਕ ਟਰੱਕ ਚਾਲਕ ਵੱਲੋਂ ਅਚਾਨਕ ਬਰੇਕ ਲਗਾਈ ਗਈ, ਜਿਸ ਨਾਲ ਪਿੱਛੋਂ ਆ ਰਹੀ ਪੀਆਰਟੀਸੀ ਬੱਸ (PB 03BH 8573) ਟਰੱਕ ਨਾਲ ਟਕਰਾ ਗਈ। ਬੱਸ ਦੇ ਬਿਲਕੁਲ ਪਿੱਛੇ ਆ ਰਹੀ ਸਕਾਰਪੀਓ ਗੱਡੀ (PB19P 8346) ਵੀ ਬੱਸ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਵਿੱਚ ਕੁੱਲ 25 ਯਾਤਰੀ ਜ਼ਖ਼ਮੀ ਹੋ ਗਏ।
ਮੌਕੇ ‘ਤੇ ਮੌਜੂਦ ਸੜਕ ਸੁਰੱਖਿਆ ਫੋਰਸ (SSF) ਦੇ ਏਐਸਆਈ ਬੰਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਤੇਜ਼ ਰਫ਼ਤਾਰ ਅਤੇ ਟਰੱਕ ਦੀ ਅਚਾਨਕ ਬਰੇਕ ਮਾਰਨ ਕਾਰਨ ਵਾਪਰਿਆ। ਜ਼ਖ਼ਮੀਆਂ ਨੂੰ ਤੁਰੰਤ ਐਮਬੂਲੈਂਸ ਰਾਹੀਂ ਬਰਨਾਲਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਪੁਲਿਸ ਮੁਤਾਬਕ ਹਾਦਸੇ ਵਿੱਚ ਕਿਸੇ ਵੀ ਕਿਸਮ ਦੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹਾਦਸੇ ਤੋਂ ਬਾਅਦ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਹਟਾ ਕੇ ਸੜਕ ਨੂੰ ਆਵਾਜਾਈ ਲਈ ਖੁਲ੍ਹਾ ਕਰ ਦਿੱਤਾ ਗਿਆ। ਮੌਕੇ ‘ਤੇ ਏਐਸਆਈ ਬੰਤ ਸਿੰਘ ਦੇ ਨਾਲ ਕਾਂਸਟੇਬਲ ਤਰਨਜੀਤ ਸਿੰਘ ਅਤੇ ਕਾਂਸਟੇਬਲ ਅਰਸ਼ਦੀਪ ਕੌਰ ਵੀ ਮੌਜੂਦ ਸਨ।