
12ਵੀਂ ਜਮਾਤ, ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚੋਂ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਬਰਨਾਲਾ, 16 ਮਈ(ਹਿਮਾਂਸ਼ੂ ਗੋਇਲ)
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਸੂਬੇ ਭਰ ਵਿੱਚ ਅਵੱਲ ਆਉਣ ਵਾਲੇ ਬਰਨਾਲਾ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡੀ ਸੀ ਮੀਟਿੰਗ ਹਾਲ ਵਿਖੇ ਇਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿੰਆਂ ਸ਼੍ਰੀ ਟੀ ਬੈਨਿਥ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸੂਬੇ ਦੀ ਮੈਰਿਟ ਲਿਸਟ ‘ਚ ਪਹਿਲੀ ਪੁਜ਼ੀਸ਼ਨ, 5ਵੀਂ ਪੁਜ਼ੀਸ਼ਨ, 10ਵੀਂ ਪੁਜ਼ੀਸ਼ਨ ਅਤੇ 14ਵੀਂ ਪੁਜ਼ੀਸ਼ਨ ਜ਼ਿਲ੍ਹਾ ਬਰਨਾਲਾ ਵਿਦਿਆਰਥੀਆਂ ਵੱਲੋਂ ਮੱਲੀ ਗਈ ਹੈ।
ਉਨ੍ਹਾਂ ਕਿਹਾ ਕਿ ਬਾਕੀ ਦੇ ਬੱਚਿਆਂ ਨੂੰ ਵੀ ਇਨ੍ਹਾਂ ਵਿਦਿਆਰਥੀਆਂ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਆਪਣਾ ਸਮਾਂ ਸੁਚੱਜੇ ਤਰੀਕੇ ਨਾਲ ਇਸਤੇਮਾਲ ਕਰਨ ਅਤੇ ਮਨ ਲਗਾ ਕੇ ਪੜ੍ਹਾਈ ਕਰਨ। ਉਨ੍ਹਾਂ ਨਾਲ ਹੀ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੇ ਅਧਿਆਪਕ ਅਤੇ ਮਾਤਾ-ਪਿਤਾ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਮੇਹਨਤ ਸਦਕਾ ਇਹ ਬੱਚੇ ਵੱਢੇ ਮੁਕਾਮ ਤੱਕ ਪੁੱਜੇ ਹਨ।
ਡਿਪਟੀ ਕਮਿਸ਼ਨਰ ਨੇ ਹਰਸੀਰਤ ਕੌਰ ਪੁੱਤਰੀ ਸਿਮਰਦੀਪ ਸਿੰਘ ਨੂੰ ਸਨਮਾਨਿਤ ਕੀਤਾ ਜਿਸ ਨੇ ਮੈਡੀਕਲ ‘ਚ ਸੂਬੇ ਭਰ ਵਿੱਚ 500 ਵਿਚੋਂ 500 ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਹਰਸੀਰਤ ਕੌਰ ਸਰਵਹਿੱਤਕਾਰੀ ਵਿਦਿਆ ਮੰਦਿਰ ਸਕੂਲ ਦੀ ਵਿਦਿਆਰਥਣ ਹੈ। ਇਸ ਮੌਕੇ ਉਨ੍ਹਾਂ ਸ਼ਹਿਨਾਜ਼ ਪੁੱਤਰੀ ਮੱਸਾ ਖਾਂ ਨੂੰ ਵੀ ਸਨਮਾਨਿਤ ਕੀਤਾ ਜਿਸ ਨੇ ਆਰਟਸ ਵਿੱਚੋਂ 500 ਚੋਂ 495 ਨੰਬਰ ਲੈ ਕੇ ਸੂਬੇ ਭਰ ਵਿੱਚ 5ਵਾਂ ਸਥਾਨ ਹਾਸਲ ਕੀਤਾ ਅਤੇ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸ਼ਹਿਣਾ ਦੀ ਵਿਦਿਆਰਥਣ ਹੈ । ਇਸੇ ਤਰ੍ਹਾਂ ਮੋਹਿਨੀ ਪੁੱਤਰੀ ਰਾਮ ਦਾਸ ਨੇ 500 ਚੋਂ 490 ਨੰਬਰ ਲੈ ਕੇ ਕਾਮਰਸ ਵਿੱਚ ਸੂਬੇ ‘ਚ 10ਵਾਂ ਸਥਾਨ ਹਾਸਲ ਕੀਆ ਅਤੇ ਇਹ ਵੀ ਸਰਵਹਿੱਤਕਾਰੀ ਸਕੂਲ ਬਰਨਾਲਾ ਦੀ ਵਿਦਿਆਰਥਣ ਹੈ। ਸੁਖਪ੍ਰੀਤ ਕੌਰ ਪੁੱਤਰੀ ਮੇਜਰ ਸਿੰਘ ਨੇ 500 ਚੋਂ 486 ਨੰਬਰ ਲੈ ਕੇ ਮੈਡੀਕਲ 14ਵਾਂ ਸਥਾਨ ਹਾਸਲ ਕੀਤਾ ਅਤੇ ਇਹ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀ ਵਿਦਿਆਰਥਣ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਇੰਦੂ ਸਿਮਕ, ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰ ਪਾਲ ਸਿੰਘ, ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸ਼੍ਰੀ ਸਿਮਰਦੀਪ ਸਿੰਘ ਅਤੇ ਹੋਰ ਹਾਜ਼ਰ ਲੋਕ ਵੀ ਹਾਜ਼ਰ ਸਨ ।