
ਚਾਚੇ ਚਤਰੇ ਦਾ ‘ਛਣਕਾਟਾ’ ਹਮੇਸ਼ਾ ਲਈ ਹੋਇਆ ਖਾਮੋਸ਼ ; ਕਲਾ ਜਗਤ ‘ਚ ਛਾਇਆ ਛਨਾਟਾ
ਵੱਖ-ਵੱਖ ਸ਼ਖਸੀਅਤਾਂ ਨੇ ਜਸਵਿੰਦਰ ਭੱਲਾ ਦੀ ਬੇ-ਵਕਤੀ ਮੌਤ ‘ਤੇ ਕੀਤਾ ਡੂੰਘੇ ਦੁੱਖ ਦਾ ਇਜ਼ਹਾਰ
ਅਮਰਗੜ੍ਹ 22 ਅਗਸਤ (ਵਤਨ ਬਾਠ) ਦੁਨੀਆਂ ਭਰ ‘ਚ ਆਪਣੀ ਆਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੇ ਅੱਜ ਸਵੇਰੇ ਮੌਤ ਦੀ ਆਈ ਖਬਰ ਨਾਲ ਸਮੁੱਚੇ ਕਲਾ ਚੱਕ ਵਿੱਚ ਸੋਗ ਦੀ ਲਹਿਰ ਦੌੜ ਗਈ। ਇੱਥੇ ਜ਼ਿਕਰ ਯੋਗ ਹੈ ਕਿ ਸਵ. ਜਵਿੰਦਰ ਭੱਲਾ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਉਨ੍ਹਾਂ ਦਾ ਇਲਾਜ ਮੋਹਾਲੀ ਦੇ ਇੱਕ ਨਿਜੀ ਹਸਪਤਾਲ ਵਿੱਚ ਚੱਲ ਰਿਹਾ ਸੀ ਜਿੱਥੇ ਉਹਨਾਂ ਅੱਜ ਸਵੇਰੇ 6 ਵਜੇ ਦੇ ਆਖਰੀ ਸਾਹ ਲਿਆ। ਪੰਜਾਬੀ ਕਲਾ ਜਗਤ ਦੇ ਚਾਚਾ ਚਤਰਾ ਦੇ ਇਸ ਤਰਾਂ 80 ਦੇ ਦਹਾਕਿਆਂ ਤੋਂ ਪਾਏ ਜਾ ਰਹੇ ਛਣਕਾਟਿਆਂ ਦੇ ਅਚਾਨਕ ਹਮੇਸ਼ਾ ਲਈ ਖਾਮੋਸ਼ ਹੋਣ ਦੀ ਖਬਰ ਸੁਣਦਿਆਂ ਹੀ ਸਮੁੱਚੇ ਕਲਾ ਜਗਤ ਵਿੱਚ ਛਨਾਟਾ ਛਾ ਗਿਆ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਮਨੋਰੰਜਨ, ਸਾਹਿਤ ਤੋਂ ਲੈ ਕੇ ਸਿਆਸੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਪੰਜਾਬੀ ਫਿਲਮਾਂ ਵਿੱਚ ਇਨ੍ਹਾਂ ਨੇ ਆਪਣੀ ਸ਼ੁਰੂਆਤ ਫ਼ਿਲਮ “ਦੁੱਲਾ ਭੱਟੀ” ਤੋਂ ਕੀਤੀ। ਇਸ ਤੋਂ ਬਾਅਦ ਜਸਵਿੰਦਰ ਭੱਲਾ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ,ਜਿੰਨਾਂ ਵਿੱਚ ਚੱਕ ਦੇ ਫੱਟੇ,ਕੈਰੀ ਆਨ ਜੱਟਾ,ਡੈਡੀ ਕੂਲ ਮੁੰਡੇ ਫ਼ੂਲ ਆਦਿ ਫ਼ਿਲਮਾਂ ਬੇਹੱਦ ਮਕਬੂਲ ਹੋਈਆਂ ਹਨ। ਅੱਜ ਕੋਈ ਹੀ ਅਜਿਹੀ ਪੰਜਾਬੀ ਫਿਲਮ ਹੋਵੇਗੀ,ਜਿਸ ਵਿੱਚ ਉਹ ਨਜ਼ਰ ਨਾਂ ਆਏ ਹੋਣ। ਪੰਜਾਬੀ ਕਲਾ ਜਗਤ ਨਾਲ ਜੁੜੀਆਂ ਵੱਖ-ਵੱਖ ਸ਼ਖਸ਼ੀਅਤਾਂ ਜਿਨਾਂ ਵਿੱਚ ਫਿਲਮੀ ਕਲਾਕਾਰ ਹੌਬੀ ਧਾਲੀਵਾਲ,ਹਰਵਿੰਦਰ ਹੈਰੀ,ਹਰਜੀਤ ਹਰਮਨ,ਗੀਤਕਾਰ ਭੱਟੀ ਭੜੀ ਵਾਲਾ,ਸਰਦਾਰ ਅਲੀ,ਸ਼ੌਕਤ ਅਲੀ,ਅਖਤਰ ਅਲੀ ਮਤੋਈ,ਭੰਗੂ ਫਲੇੜੇ ਵਾਲਾ,ਦਿਲਸ਼ਾਦ ਜਮਾਲਪੁਰੀ,ਕੇਂਦਰੀ ਲੇਖਕ ਸਭਾ ਸੇਖੋਂ ਅਮਰਗੜ੍ਹ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਟਵਾਲ,ਅਨਵਰ ਖਾਨ,ਅਕਬਰ ਆਲਮ,ਮਿੰਟੂ ਧੂਰੀ,ਗੀਤਕਾਰ ਨੀਟੂ ਮੋਹਾਲੀ,ਮਾਣਕ ਅਲੀ,ਨਿਰਮਲ ਨਿੰਮਾ ਤੇ ਦਰਸ਼ਨ ਦਰਸ਼ੀ ਤੋਂ ਇਲਾਵਾ ਬਹੁਤ ਸਾਰੇ ਕਲਾਕਾਰਾਂ ਤੇ ਗੀਤਕਾਰਾਂ ਨੇਂ ਜਸਵਿੰਦਰ ਭੱਲਾ ਦੀ ਬੇ-ਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਇਜਹਾਰ ਕਰਦਿਆਂ ਇਸ ਨੂੰ ਕਲਾ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਆਖਿਆ।