
ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਨੰਨ੍ਹੇ ਹਰਗੁਣ ਨੇ ਡਿਪਟੀ ਕਮਿਸ਼ਨਰ ਨੂੰ ਸੌਂਪੀ ਆਪਣੀ ਬੁਗਨੀ
ਡਿਪਟੀ ਕਮਿਸ਼ਨਰ ਨੇ ਕੀਤੀ ਹਰਗੁਣ ਦੀ ਸ਼ਲਾਘਾ
ਬਰਨਾਲਾ(ਹਿਮਾਂਸ਼ੂ ਗੋਇਲ)
ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਬਰਨਾਲਾ ਦੇ ਸਾਢੇ ਚਾਰ ਸਾਲ ਬੱਚੇ ਨੇ ਡਿਪਟੀ ਕਮਿਸ਼ਨਰ ਨੂੰ ਆਪਣੀ ਬੁਗਨੀ ਦਿੱਤੀ। ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਬੱਚੇ ਹਰਗੁਣ ਸਿੰਘ ਨੂੰ ਨੇਕ ਸੋਚ ਲਈ ਸ਼ਾਬਾਸ਼ ਦਿੱਤੀ।
ਹਰਗੁਣ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਬਰਨਾਲਾ ਵਾਈ ਐੱਸ ਸਕੂਲ ਹੰਡਿਆਇਆ ਵਿੱਚ ਐਲ.ਕੇ.ਜੀ ਕਲਾਸ ਵਿੱਚ ਪੜ੍ਹਦਾ ਹੈ। ਓਹ ਆਪਣੇ ਪਰਿਵਾਰ ਨਾਲ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਦੇ ਦਫ਼ਤਰ ਆਇਆ। ਓਸਨੇ ਕਿਹਾ ਕਿ ਉਹ ਆਪਣੀ ਬੁਗਨੀ ਵਿੱਚ ਜੋੜੇ ਪੈਸਿਆਂ ਨਾਲ ਹੜ੍ਹ ਪੀੜਤਾਂ ਦੀ ਮਦਦ ਕਰਨਾ ਚਾਹੁੰਦਾ ਹੈ ਅਤੇ ਆਪਣੀ ਬੁਗਨੀ ਡਿਪਟੀ ਕਮਿਸ਼ਨਰ ਨੂੰ ਸੌਂਪੀ।
ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਬੱਚੇ ਹਰਗੁਣ ਦੀ ਸੋਚ ਦੀ ਸ਼ਲਾਘਾ ਕੀਤੀ। ਓਨ੍ਹਾਂ ਕਿਹਾ ਕਿ ਇਹ ਦਿਆਨਦਾਰੀ ਅਤੇ ਲੋਕ ਭਲਾਈ ਦੀ ਮਿਸਾਲ ਹੈ ਕਿ ਬੱਚੇ ਨੇ ਆਪਣੇ ਹੱਥੀਂ ਜੋੜੇ ਪੈਸੇ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੇ ਹਨ। ਓਨ੍ਹਾਂ ਨੰਨ੍ਹੇ ਹਰਗੁਣ ਦੀ ਸ਼ਲਾਘਾ ਕੀਤੀ ਅਤੇ ਸ਼ਾਬਾਸ਼ ਦਿੱਤੀ। ਓਨ੍ਹਾਂ ਹਰਗੁਣ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹ ਪੀੜਤਾਂ ਲਈ ਜਿੱਥੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਜੁਟਿਆ ਹੋਇਆ ਹੈ, ਓਥੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਵਿਅਕਤੀ ਵੀ ਵੱਡੀ ਭੂਮਿਕਾ ਨਿਭਾਅ ਰਹੇ ਹਨ।
ਇਸ ਮੌਕੇ ਹਰਗੁਣ ਸਿੰਘ ਪਿਤਾ ਧਰਮਿੰਦਰ ਸਿੰਘ, ਮਾਤਾ ਸਿਮਰਨ ਕੌਰ ਅਤੇ ਦਾਦਾ ਸਾਧੂ ਸਿੰਘ ਮੌਜੂਦ ਸਨ।