
ਬਰਨਾਲ਼ਾ, 12 ਸਤੰਬਰ(ਹਿਮਾਂਸ਼ੂ ਗੋਇਲ):- ਵਾਈ.ਐਸ. ਕਾਲਜ ਨੇ ਭਾਰਤ ਸਰਕਾਰ ਦੀ ਪ੍ਰਸਿੱਧ SWAYAM (Study Webs of Active-Learning for Young Aspiring Minds) ਪਹਿਲਕਦਮੀ ਦੇ ਤਹਿਤ NPTEL (National Programme on Technology Enhanced Learning) ਨਾਲ਼ ਆਪਣੀ ਭਾਗੀਦਾਰੀ ਦਾ ਐਲਾਨ ਕਰਕੇ ਪੰਜਾਬ ਲਈ ਇੱਕ ਮਹੱਤਵਪੂਰਨ ਅਕਾਦਮਿਕ ਮੀਲ ਪੱਥਰ ਹਾਸਲ ਕੀਤਾ ਹੈ।
ਇਸ ਸਹਿਯੋਗ ਦੇ ਅਧੀਨ, ਕਾਲਜ ਨੂੰ 25 ਜੂਨ 2025 ਨੂੰ ਅਧਿਕਾਰਤ ਤੌਰ ‘ਤੇ “ਲੋਕਲ ਚੈਪਟਰ” (LC ID 7534) ਵਜੋਂ ਮਨਜ਼ੂਰੀ ਦਿੱਤੀ ਗਈ। ਇਸ ਸਹਿਯੋਗ ਨਾਲ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੁਣ IIT ਸਮੇਤ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ ਵੱਲੋਂ ਤਿਆਰ ਕੀਤੇ ਗਏ ਉੱਚ ਪੱਧਰੀ ਔਨਲਾਈਨ ਕੋਰਸਾਂ ਤੱਕ ਪਹੁੰਚ ਮਿਲੇਗੀ।
ਇਹ ਕੋਰਸ ਨਾ ਸਿਰਫ ਵਿਦਿਆਰਥੀਆਂ ਦੀ ਅਕਾਦਮਿਕ ਕਾਬਲੀਅਤ ਨੂੰ ਨਿਖਾਰਣਗੇ, ਸਗੋਂ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਨੂੰ ਵੀ ਵਧਾਵਣਗੇ। ਅੰਮ੍ਰਿਤਸਰ, ਜਲੰਧਰ, ਮੋਹਾਲੀ ਅਤੇ ਫਗਵਾੜਾ ਵਿੱਚ ਪ੍ਰੀਖਿਆ ਕੇਂਦਰ ਨਿਰਧਾਰਤ ਕੀਤੇ ਗਏ ਹਨ, ਜਿਸ ਨਾਲ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਆਸਾਨੀ ਰਹੇਗੀ।
ਅਗਲੀ ਪ੍ਰੀਖਿਆ 21 ਸਤੰਬਰ 2025 ਨੂੰ ਹੋਣੀ ਨਿਰਧਾਰਤ ਹੈ।
ਵਾਈਐਸ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਾਲ ਸਿੰਘ ਰਾਣਾ ਨੂੰ ਸਿੰਗਲ ਪੁਆਇੰਟ ਆਫ਼ ਕਾਂਟੈਕਟ (SPOC) ਅਤੇ ਇੰਸਟੀਚਿਊਸ਼ਨਲ ਰੈਪ੍ਰੀਜ਼ੈਂਟੇਟਿਵ (IR) ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਵੀ 3-4 NPTEL ਸੈਸ਼ਨਾਂ ਵਿਚ ਸ਼ਾਮਿਲ ਹੋ ਚੁੱਕੇ ਹਨ ਅਤੇ ਹੁਣ ਆਉਣ ਵਾਲੀ ਪ੍ਰੀਖਿਆ ਲਈ ਅਧਿਕਾਰਤ ਸੁਪਰਵਾਈਜ਼ਰ ਦੀ ਭੂਮਿਕਾ ਨਿਭਾਉਣਗੇ।
ਵਾਈਐਸ ਗਰੁੱਪ ਦੇ ਡਾਇਰੈਕਟਰ ਸ਼੍ਰੀ ਵਰੁਣ ਭਾਰਤੀ ਨੇ ਇਸ ਉਪਲਬਧੀ ਉੱਤੇ ਕਾਲਜ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ, “ਇਹ ਸਿਰਫ਼ ਇੱਕ ਸ਼ੁਰੂਆਤ ਹੈ। ਅਸੀਂ ਭਵਿੱਖ ਵਿੱਚ ਹੋਰ ਅਨੇਕ ਮੀਲ ਪੱਥਰ ਹਾਸਲ ਕਰਨ ਲਈ ਵਚਨਬੱਧ ਹਾਂ।” ਉਨ੍ਹਾਂ ਨੇ NPTEL ਨਾਲ ਲੰਬੇ ਸਮੇਂ ਲਈ ਮਜ਼ਬੂਤ ਸਹਿਯੋਗ ਦੀ ਉਮੀਦ ਜ਼ਾਹਰ ਕੀਤੀ।
ਵਾਈਐਸ ਕਾਲਜ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਭਾਰਤ ਦੇ ਰਾਸ਼ਟਰੀ ਪੱਧਰ ਦੇ ਅਕਾਦਮਿਕ ਪਲੇਟਫਾਰਮ ਦਾ ਹਿੱਸਾ ਬਣ ਕੇ ਆਪਣੇ ਵਿਦਿਆਰਥੀਆਂ ਨੂੰ ਗਿਆਨ, ਹੁਨਰ ਅਤੇ ਮੌਕਿਆਂ ਨਾਲ ਲੈਸ ਕਰਨ ਦੇ ਮਿਸ਼ਨ ਨੂੰ ਹੋਰ ਮਜ਼ਬੂਤੀ ਦੇਵੇਗਾ।