
ਇਹ ਖ਼ਬਰ ਇੱਕ ਸਿੱਖਿਆ ਅਤੇ ਸੱਭਿਆਚਾਰਕ ਉਤਸ਼ਾਹ ਦੇ ਪ੍ਰਤੀਕ ਵਜੋਂ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਸੰਸਥਾ ਵੱਲੋਂ ਭਰੋਸੇ ਅਤੇ ਉਤਸ਼ਾਹ ਦਾ ਸੰਦੇਸ਼ ਹੈ
ਭਦੌੜ/ਹਿਮਾਂਸ਼ੂ ਗੋਇਲ: ਇਲਾਕੇ ਦੀ ਮਸ਼ਹੂਰ ਅਤੇ ਪ੍ਰਤਿਸ਼ਠਤ ਸੰਸਥਾ ਮੀਰੀ ਪੀਰੀ ਖਾਲਸਾ ਕਾਲਜ, ਭਦੌੜ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਹੇਠ ਚੱਲ ਰਹੀ ਹੈ, ਵਿੱਚ ਨਵੇਂ ਸੈਸ਼ਨ 2025-26 ਲਈ ਗਿਆਰਵੀਂ ਜਮਾਤ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਦੇ ਸਨਮਾਨ ਵਿੱਚ ਫਰੈਸ਼ਰਜ਼ ਪਾਰਟੀ ਕਰਵਾਈ ਗਈ।
ਇਹ ਸੰਸਥਾ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਤੋਂ ਮਨਜ਼ੂਰਸ਼ੁਦਾ ਹੈ। ਇਸ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਧਾਰਮਿਕ ਅਧਿਆਤਮਿਕਤਾ ਵੱਲ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।
ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਇੰਚਾਰਜ ਅਤੇ ਪੰਜਾਬੀ ਵਿਭਾਗ ਦੀ ਪ੍ਰੋ. ਭਿੰਦਰਜੀਤ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਨਵੇਂ ਵਿਦਿਆਰਥੀਆਂ ਦੀ ਸਵਾਗਤ ਪਾਰਟੀ ਵਿੱਚ ਭੰਗੜਾ, ਗਿੱਧਾ, ਗੱਤਕਾ ਅਤੇ ਸੱਭਿਆਚਾਰਕ ਗੀਤਾਂ ਦੀਆਂ ਰੋਹਬਰੋਹ ਪ੍ਰਸਤੁਤੀਆਂ ਕੀਤੀਆਂ ਗਈਆਂ। ਇਨ੍ਹਾਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਮਨੋਰੰਜਕ ਖੇਡਾਂ ਅਤੇ ਹੋਰ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ ਗਿਆ।
ਡਾ. ਵੰਦਨਾ ਸੁਖੀਜਾ, ਜੋ ਕਿ ਕਾਲਜ ਦੀ ਅਧਿਆਪਕਾ ਹਨ, ਨੇ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਕਮੇਟੀ ਵੱਲੋਂ ਕਰੋੜਾਂ ਰੁਪਏ ਦਾ ਬਜਟ ਸਿੱਖਿਆ ਖੇਤਰ ਲਈ ਰੱਖਿਆ ਜਾਂਦਾ ਹੈ , ਜਿਸ ਅਧੀਨ ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਸਕਾਲਰਸ਼ਿਪ, ਅਤੇ ਅਨੁਸੂਚਿਤ ਜਾਤੀਆਂ ਲਈ ਵੀ ਵਿਸ਼ੇਸ਼ ਸਕਾਲਰਸ਼ਿਪ ਦਿੱਤੀ ਜਾਂਦੀ ਹੈ।
ਡਾ. ਵੰਦਨਾ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਨਿਯਮਾਂ ਅਤੇ ਆਚਰਣ ਸਿਧਾਂਤਾਂ ਨਾਲ ਵੀ ਜਾਣੂ ਕਰਵਾਇਆ।
ਇਸ ਮੌਕੇ ਡਾ. ਮਨਦੀਪ ਕੌਰ, ਪ੍ਰੋ. ਭਿੰਦਰਜੀਤ ਕੌਰ, ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।