
ਬਰਨਾਲਾ
ਵਿਸ਼ਵ ਖੂਨਦਾਨੀ ਦਿਵਸ ਹਰ ਸਾਲ 14 ਜੂਨ ਨੂੰ ਦੁਨੀਆਂ ਭਰ ‘ਚ ਖੂਨਦਾਨ ਨੂੰ ਲੋਕ ਲਹਿਰ ਬਣਾਉਣ ਲਈ ਮਨਾਇਆ ਜਾਂਦਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸ਼ਰਜਨ ਬਰਨਾਲਾ ਡਾ. ਬਲਜੀਤ ਸਿੰਘ ਨੇ ਕੀਤਾ।
ਉਹਨਾਂ ਦੱਸਿਆ ਕਿ ਇਸ ਸਾਲ ਦਿਵਸ “ ਖੂਨ ਦਿਓ, ਉਮੀਦ ਦਿਓ, ਇਕੱਠੇ ਮਿਲ ਕੇ ਅਸੀਂ ਜਿੰਦਗੀਆਂ ਬਚਾਵਾਂਗੇ “ ਵਿਸ਼ੇ ਤਹਿਤ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਸਿਵਲ ਹਸਪਤਾਲ ਨੂੰ ਖੂਨਦਾਨ ‘ਚ ਆਤਮ ਨਿਰਭਰ ਬਣਾਉਣ ‘ਚ ਖੂਨਦਾਨੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਕਰਕੇ ਅਸੀ ਸੜਕੀ ਹਾਦਸੇ, ਐਮਰਜੈਂਸੀ ਸਮੇਂ, ਗੰਭੀਰ ਬਿਮਾਰੀਆਂ, ਗਰਭਵਤੀ ਔਰਤਾਂ ਦੇ ਜਣੇਪੇ ਸਮੇਂ ਖੂਨ ਦੀ ਘਾਟ ਹੋਣ ‘ਤੇ ਕੀਮਤੀ ਜਾਨਾਂ ਬਚਾ ਸਕਦੇ ਹਾਂ। ਡਾ. ਅਯੂਸ਼ ਬਡਲਾਨ ਜ਼ਿਲ੍ਹਾ ਬੀ ਟੀ ਓ ਨੇ ਦੱਸਿਆ ਕਿ ਕਾਰਲ ਲੈਂਡਸਟੀਨਰ ਨਾਮ ਦੇ ਡਾਕਟਰ ਵੱਲੋਂ ਖੂਨ ਦੇ ਗਰੁੱਪਾਂ ਦੀ ਖੋਜ ਕੀਤੀ ਸੀ ਇਸ ਲਈ 14 ਜੂਨ ਨੂੰ ਉਸ ਦੇ ਜਨਮ ਨੂੰ ਵਿਸ਼ਵ ਖੂਨਦਾਨੀ ਦਿਵਸ ਵਜੋਂ ਮਨਾਇਆ ਜਾਂਦਾ ਹੈ।ਅੱਜ ਦਿਵਸ ‘ਤੇ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਖੂਨ ਦੀ ਕਮੀ ਕਾਰਨ ਕੋਈ ਵੀ ਕੀਮਤੀ ਜਾਨ ਨਾ ਜਾਵੇ। ਇਸ ਸਮੇਂ ਬਲੱਡ ਬੈਂਕ ਬਰਨਾਲਾ ਵਿਖੇ ਖੂਨਦਾਨੀਆਂ ਵੱਲੋਂ 27 ਯੂਨਿਟ ਖੂਨਦਾਨ ਕੀਤਾ ਗਿਆ। ਇਸ ਸਮੇਂ ਖੁਸ਼ਵੰਤ ਪ੍ਰਭਾਕਰ,ਕੰਵਲਦੀਪ ਸਿੰਘ ਅਤੇ ਭੁਪਿੰਦਰ ਕੁਮਾਰ ਐਮ ਐਲ ਟੀ ਹਾਜ਼ਰ ਸਨ।