



ਲੁਟੇਰੇਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ: ਥਾਣਾ ਮੁੱਖੀ ਸਿਟੀ 1
ਬਰਨਾਲ਼ਾ: ਸਥਾਨਕ ਸ਼ਹਿਰ ਅੰਦਰ ਉਸ ਸਮੇਂ ਲੋਕਾਂ ਅੰਦਰ ਸਹਿਮ ਦਾ ਮਾਹੌਲ ਦੇਖਣ ਨੂੰ ਮਿਲੀਆਂ ਜਦੋਂ ਸ਼ਹਿਰ ਦੇ ਘਣੀ ਅਬਾਦੀ ਵਾਲੇ ਇਲਾਕੇ ਕਿਲਾ ਮੁਹੱਲਾ ਵਿੱਚ ਸ਼ੁੱਕਰਵਾਰ ਸਵੇਰੇ ਬੇਖੌਫ ਲੁਟੇਰੇਆਂ ਨੇ ਦਿਨ ਦਿਹਾੜੇ ਇਕ ਬਜ਼ੁਰਗ ਔਰਤ ਦੀ ਸੋਨੇ ਦੀ ਬਾਲੀ ਖੋਹ ਕਿ ਲੁਟੇਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਰਾਰ ਹੋ ਗਏ। ਇਹ ਘਟਨਾ ਕਰੀਬ ਸਵੇਰੇ 10 ਵਜੇ ਵਾਪਰੀ, ਜਦੋਂ ਬਜ਼ੁਰਗ ਮਹਿਲਾ ਆਪਣੇ ਘਰ ਵੱਲ ਪੈਦਲ ਜਾ ਰਹੀ ਸੀ। ਵਾਇਰਲ ਹੋ ਰਹੀ ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਬਜ਼ੁਰਗ ਮਹਿਲਾ ਕਿਲਾ ਮੁਹੱਲਾ ਦੀ ਇਕ ਗਲੀ ਰਾਹੀਂ ਆਪਣੇ ਘਰ ਵਾਪਸ ਆ ਰਹੀ ਸੀ, ਜਦੋਂ ਅਚਾਨਕ ਪਿੱਛੋਂ ਇਕ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਆਏ। ਉਨ੍ਹਾਂ ਬਜ਼ੁਰਗ ਮਹਿਲਾ ਕੋਲ ਆ ਕੇ ਆਪਣੀ ਮੋਟਰਸਾਈਕਲ ਦੀ ਗਤੀ ਘੱਟ ਕੀਤੀ ਅਤੇ ਉਨ੍ਹਾਂ ਵਿੱਚੋਂ ਇਕ ਨੌਜਵਾਨ ਹੇਠਾਂ ਉਤਰ ਗਿਆ ਜਦਕਿ ਦੂਜਾ ਮੋਟਰਸਾਈਕਲ ‘ਤੇ ਹੀ ਬੈਠਿਆ ਰਿਹਾ। ਪਲਕ ਝਪਕਦੇ ਹੀ ਹੇਠਾਂ ਉਤਰੇ ਨੌਜਵਾਨ ਨੇ ਮਹਿਲਾ ਦੇ ਕੰਨ ਤੋਂ ਸੋਨੇ ਦੀ ਬਾਲੀ ਖਿੱਚ ਲਈ ਅਤੇ ਦੋਵੇਂ ਜਲਦੀ ਨਾਲ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨਾਂ ਨੇ ਆਪਣਾ ਚਿਹਰਾ ਢੱਕਿਆ ਹੋਣ ਕਾਰਨ ਉਹਨਾਂ ਦੀ ਪਹਿਚਾਣ ਕਰਨਾ ਔਖਾ ਹੋ ਗਿਆ ਹੈ। ਇਹ ਪੂਰੀ ਵਾਰਦਾਤ ਨੇੜਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ। ਘਟਨਾ ਤੋਂ ਬਾਅਦ ਬਜ਼ੁਰਗ ਮਹਿਲਾ ਦੇ ਚੀਕਾਂ ਰੌਲ਼ਾ ਪਾਉਣ ‘ਤੇ ਆਲੇ ਦੁਆਲੇ ਲੋਕ ਇਕੱਠੇ ਹੋ ਗਏ, ਪਰ ਉਸ ਸਮੇਂ ਤੱਕ ਲੁਟੇਰੇ ਅੱਖਾਂ ਤੋਂ ਓਝਲ ਹੋ ਚੁੱਕੇ ਸਨ। ਸਥਾਨਕ ਨਿਵਾਸੀਆਂ ਨੇ ਤੁਰੰਤ ਸੀ.ਸੀ.ਟੀ.ਵੀ. ਫੁਟੇਜ ਕਢਵਾਈ ਅਤੇ ਉਸਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ, ਤਾਂ ਜੋ ਲੁਟੇਰੇਆਂ ਦੀ ਪਛਾਣ ਹੋ ਸਕੇ ਅਤੇ ਉਨ੍ਹਾਂ ਨੂੰ ਜਲਦੀ ਫੜਿਆ ਜਾ ਸਕੇ। ਲੋਕਾਂ ਨੇ ਇਸ ਮਾਮਲੇ ਸੰਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਦਿਨ ਦਿਹਾੜੇ ਐਸੇ ਹਾਦਸੇ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੇ ਹਨ।

ਇਸ ਸੰਬੰਧ ਵਿੱਚ ਜਦੋਂ ਥਾਣਾ ਸਿਟੀ-1 ਦੇ ਮੁਖੀ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੁਟੇਰੇਆਂ ਦੀ ਤਲਾਸ਼ ਲਈ ਸਾਰੇ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ। ਪੁਲਿਸ ਦੀਆਂ ਟੀਮਾਂ ਸੀ.ਸੀ.ਟੀ.ਵੀ. ਫੁਟੇਜ ਨੂੰ ਚੈਕ ਕਰ ਰਹੀਆਂ ਹਨ ਅਤੇ ਹਰ ਸੰਭਾਵੀ ਥਾਂ ‘ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੁਲਿਸ ਬਲ ਪੂਰੀ ਤਰ੍ਹਾਂ ਅਲਰਟ ਮੋਡ ‘ਤੇ ਹੈ ਅਤੇ ਅਪਰਾਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਲਖਵਿੰਦਰ ਸਿੰਘ ਨੇ ਕਿਹਾ, “ਅਸੀਂ ਜਲਦੀ ਹੀ ਇਨ੍ਹਾਂ ਲੁਟੇਰੇਆਂ ਨੂੰ ਗ੍ਰਿਫਤਾਰ ਕਰ ਲਵਾਂਗੇ ਅਤੇ ਉਨ੍ਹਾਂ ਨੂੰ ਕਾਨੂੰਨੀ ਘੇਰੇ ਵਿੱਚ ਲਿਆਵਾਂਗੇ। ਜਨਤਾ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।”


