


ਬਲਵੰਤ ਸਿੰਘ ਰਾਮੂਵਾਲੀਆ ਚੜ੍ਹਦੀ ਕਲਾ ਵਿੱਚ: ਭੋਲਾ ਸਿੰਘ ਵਿਰਕ
ਬਰਨਾਲਾ, 3 ਸਤੰਬਰ (ਹਿਮਾਂਸ਼ੂ ਗੋਇਲ)
ਪ੍ਰਸਿੱਧ ਸਮਾਜ ਸੇਵੀ, ਸਟੇਟ ਐਵਾਰਡੀ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੇ 2 ਸਤੰਬਰ ਨੂੰ ਆਪਣੇ ਸਾਥੀਆਂ ਜਸਵੀਰ ਸਿੰਘ ਲੁਹਾਰਾ, ਪਰਮਜੀਤ ਸਿੰਘ ਸਿੱਧਵਾਂ ਅਤੇ ਉਜਾਗਰ ਸਿੰਘ ਬੱਦੋਵਾਲ ਸਮੇਤ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਾ ਹਾਲ-ਚਾਲ ਪੁੱਛਣ ਲਈ ਸੈਕਟਰ-63, ਮਕਾਨ ਨੰਬਰ 53, ਮੁਹਾਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।
ਭੋਲਾ ਸਿੰਘ ਵਿਰਕ ਨੇ ਕਿਹਾ ਕਿ ਬਲਵੰਤ ਸਿੰਘ ਰਾਮੂਵਾਲੀਆ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਪਰ ਹੁਣ ਉਹ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਕਿਹਾ ਕਿ ਰਾਮੂਵਾਲੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦੇਖ ਕੇ ਮਨ ਨੂੰ ਤਸੱਲੀ ਮਿਲੀ।
ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਖੁਸ਼ੀ ਦਾ ਦਿਨ ਹੈ ਕਿ ਉਨ੍ਹਾਂ ਦੇ ਹਰ ਦੁੱਖ-ਸੁੱਖ ਦੇ ਸਾਥੀ ਇਕੱਠੇ ਹੋ ਕੇ ਉਨ੍ਹਾਂ ਨੂੰ ਮਿਲਣ ਪਹੁੰਚੇ ਹਨ। ਉਨ੍ਹਾਂ ਭੋਲਾ ਸਿੰਘ ਵਿਰਕ, ਜਸਵੀਰ ਸਿੰਘ ਲੁਹਾਰਾ, ਪਰਮਜੀਤ ਸਿੰਘ ਸਿੱਧਵਾਂ ਅਤੇ ਉਜਾਗਰ ਸਿੰਘ ਬੱਦੋਵਾਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਰਾਮੂਵਾਲੀਆ ਨੇ ਕਿਹਾ ਕਿ ਇਨ੍ਹਾਂ ਪਿਆਰੇ ਸਾਥੀਆਂ ਨੂੰ ਆਪਣੇ ਆਲੇ-ਦੁਆਲੇ ਬੈਠੇ ਦੇਖ ਕੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਉਨ੍ਹਾਂ ਕਿਹਾ ਕਿ ਇਹ ਸਾਰੇ ਸਾਥੀ ਉਨ੍ਹਾਂ ਦੀਆਂ ਸੱਜੀਆਂ-ਖੱਬੀਆਂ ਬਾਹਾਂ ਵਾਂਗ ਹਨ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹੇ ਰਹੇ ਹਨ।
ਸ੍ਰ.ਭੋਲਾ ਸਿੰਘ ਵਿਰਕ ਨੇ ਕਿਹਾ ਕਿ ਉਹ ਬਲਵੰਤ ਸਿੰਘ ਰਾਮੂਵਾਲੀਆ ਦੇ ਹਮੇਸ਼ਾ ਰਿਣੀ ਰਹਿਣਗੇ, ਕਿਉਂਕਿ ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਦੇ ਸਿਰ ’ਤੇ ਮਿਹਰ ਭਰਿਆ ਹੱਥ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 40 ਸਾਲਾਂ ਦੌਰਾਨ ਜਦੋਂ ਵੀ ਉਹ ਕੋਈ ਸਮੱਸਿਆ ਲੈ ਕੇ ਰਾਮੂਵਾਲੀਆ ਕੋਲ ਗਏ, ਉਨ੍ਹਾਂ ਨੇ ਉਸ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕਰਨ ਲਈ ਯਤਨ ਕੀਤਾ ਅਤੇ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਦਾ ਹੱਲ ਕਰਕੇ ਉਨ੍ਹਾਂ ਦੇ ਮਨ ਦਾ ਬੋਝ ਹਲਕਾ ਕੀਤਾ।
ਉਨ੍ਹਾਂ ਕਿਹਾ ਕਿ ਉਹ ਰਾਮੂਵਾਲੀਆ ਦੇ ਹਮੇਸ਼ਾ ਰਿਣੀ ਰਹੇ ਹਨ, ਹਨ ਅਤੇ ਰਹਿਣਗੇ। ਜਦੋਂ ਵੀ ਉਹ ਉਨ੍ਹਾਂ ਨੂੰ ਆਵਾਜ਼ ਦੇਣਗੇ, ਉਹ ਬਿਨਾਂ ਕਿਸੇ ਦੇਰੀ ਤੋਂ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋਣਗੇ।
ਅੰਤ ਵਿੱਚ ਭੋਲਾ ਸਿੰਘ ਵਿਰਕ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਰਦਾਸ ਕੀਤੀ ਕਿ ਬਲਵੰਤ ਸਿੰਘ ਰਾਮੂਵਾਲੀਆ ਜਲਦ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਪੰਜਾਬ ਪਰਤਣ ਅਤੇ ਮੁੜ ਲੋਕ ਭਲਾਈ ਪਾਰਟੀ ਦਾ ਗਠਨ ਕਰਕੇ ਲੋਕ ਸੇਵਾ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ।


