


ਗਾਇਕ ਗੁਲਾਬ ਸਿੰਘ ਸਿੱਧੂ ਦੇ ਘਰ ਫਾਇਰਿੰਗ ਮਾਮਲੇ ਦਾ ਪਰਦਾਫਾਸ਼, 6 ਗ੍ਰਿਫ਼ਤਾਰ
ਬਰਨਾਲਾ, 22 ਸਤੰਬਰ (ਹਿਮਾਂਸ਼ੂ ਗੋਇਲ)
ਪੰਜਾਬੀ ਗਾਇਕ ਗੁਲਾਬ ਸਿੰਘ ਸਿੱਧੂ ਦੀ ਪਿੰਡ ਫਰਵਾਹੀ ਸਥਿਤ ਰਿਹਾਇਸ਼ ਦੇ ਮੁੱਖ ਗੇਟ ’ਤੇ 12/13 ਸਤੰਬਰ ਦੀ ਦਰਮਿਆਨੀ ਰਾਤ ਹੋਈ ਫਾਇਰਿੰਗ ਦੇ ਮਾਮਲੇ ਦਾ ਬਰਨਾਲਾ ਪੁਲਿਸ ਨੇ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਮਾਮਲੇ ਵਿੱਚ ਵੱਖ-ਵੱਖ ਥਾਵਾਂ ਤੋਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਤਿੰਨ ਪਿਸਤੌਲਾਂ, 10 ਜਿੰਦਾ ਕਾਰਤੂਸ, ਪੰਜ ਖੋਲ, ਇੱਕ ਕਾਰ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਪਟਿਆਲਾ ਡਾ. ਸਿਮਰਤ ਕੌਰ ਅਤੇ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਦੀ ਅਗਵਾਈ ਹੇਠ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਤਕਨੀਕੀ ਤੇ ਵਿਗਿਆਨਕ ਤਰੀਕਿਆਂ ਨਾਲ ਜਾਂਚ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ।
ਪੁਲਿਸ ਮੁਤਾਬਕ 21 ਸਤੰਬਰ ਨੂੰ ਗੁਰਵਿੰਦਰ ਸਿੰਘ ਉਰਫ਼ ਸ਼ਕਤੀਮਾਨ ਉਰਫ਼ ਸਨੀ ਦਿਓਲ, ਗੁਰਪ੍ਰੀਤ ਸਿੰਘ ਉਰਫ਼ ਬਾਬਾ, ਰਮਨਪ੍ਰੀਤ ਸਿੰਘ ਅਤੇ ਗੌਰਵ ਸ਼ਰਮਾ ਉਰਫ਼ ਕ੍ਰਿਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚੋਂ ਇੱਕ ਪਾਸੋਂ 30 ਬੋਰ ਦਾ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ।
ਪੁਲਿਸ ਅਨੁਸਾਰ 22 ਸਤੰਬਰ ਨੂੰ ਪੱਖੋ ਕਲਾਂ ਨੇੜੇ ਪੁਲਿਸ ਟੀਮਾਂ ਨਾਲ ਮੁਕਾਬਲੇ ਦੌਰਾਨ ਦੋ ਹੋਰ ਵਿਅਕਤੀ ਗੁਰਵਿੰਦਰ ਸਿੰਘ ਉਰਫ਼ ਲੁੱਧਰ ਅਤੇ ਗੁਰਪਿਆਰ ਸਿੰਘ ਉਰਫ਼ ਗੁਰੀ ਨੂੰ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਗੁਰਵਿੰਦਰ ਸਿੰਘ ਲੱਤ ਵਿੱਚ ਗੋਲੀ ਲੱਗਣ ਕਾਰਨ ਅਤੇ ਦੂਜਾ ਵਿਅਕਤੀ ਡਿੱਗਣ ਕਾਰਨ ਜ਼ਖ਼ਮੀ ਹੋਇਆ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਦੋਵਾਂ ਤੋਂ ਦੋ ਪਿਸਤੌਲ, ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਸ ਤੋਂ ਇਲਾਵਾ ਗਾਇਕ ਦੇ ਘਰ ਦੀ ਰੇਕੀ ਕਰਨ ਦੇ ਦੋਸ਼ ਹੇਠ ਅੰਮ੍ਰਿਤਪਾਲ ਸਿੰਘ ਉਰਫ਼ ਅੰਬਰੀ ਅਤੇ ਸਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਅੰਮ੍ਰਿਤਪਾਲ ਤੋਂ 32 ਬੋਰ ਦਾ ਦੇਸੀ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਹੋਏ ਹਨ।
ਡੀ.ਆਈ.ਜੀ. ਅਨੁਸਾਰ ਮੁੱਢਲੀ ਪੁੱਛ-ਗਿੱਛ ਦੌਰਾਨ ਮੁਲਜ਼ਮਾਂ ਦੇ ਵਿਦੇਸ਼ਾਂ ਵਿੱਚ ਰਹਿੰਦੇ ਅਪਰਾਧਿਕ ਵਿਅਕਤੀਆਂ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਮਾਮਲੇ ਸਬੰਧੀ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।


