

ਪੀ.ਟੀ.ਐਮ. ਮੌਕੇ ਟੰਡਨ ਸਕੂਲ ਵਿੱਚ ਬੱਚਿਆਂ ਲਈ ਸਿਹਤ ਜਾਂਚ ਕੈਂਪ ਦਾ ਆਯੋਜਨ
ਟੰਡਨ ਸਕੂਲ ਦੇ ਵਿਦਿਆਰਥੀਆਂ ਦੀ ਸਿਹਤ ਸਾਡੀ ਪਹਿਲੀ ਤਰਜੀਹ ਹੈ: ਐਮ.ਡੀ. ਸ਼ਿਵ ਸਿੰਗਲਾ
ਬਰਨਾਲਾ(ਹਿਮਾਂਸ਼ੂ ਗੋਇਲ)
ਟੰਡਨ ਇੰਟਰਨੈਸ਼ਨਲ ਸਕੂਲ, ਬਰਨਾਲਾ ਵਿਖੇ ਮਾਪੇ-ਅਧਿਆਪਕ ਮਿਲਣੀ (PTM) ਦੇ ਮੌਕੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਿਸ਼ੇਸ਼ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਬਾਲ ਰੋਗ ਮਾਹਿਰ ਡਾਕਟਰ ਅੰਕੁਸ਼ ਜਿੰਦਲ ਪੀ ਜੀ ਆਈ ਗੋਲ੍ਡ ਮੈਡਲਿਸਟ ਅਤੇ ਦੰਦਾ ਰੋਗਾਂ ਦੇ ਮਾਹਿਰ ਡਾਕਟਰ ਵੀਰ ਕਪਲੀਏਸ਼ ਅਤੇ ਡਾਕਟਰ ਮੇਘਾ ਜੀ ਨੇ ਵਿਦਿਆਰਥੀਆਂ ਦੀ ਬਾਰੀਕੀ ਨਾਲ ਸਿਹਤ ਜਾਂਚ ਕੀਤੀ।

ਡਾਕਟਰਾਂ ਨੇ ਬੱਚਿਆਂ ਦੇ ਦੰਦਾਂ ਦੀ ਸਥਿਤੀ, ਮੂੰਹ ਦੀ ਸਫ਼ਾਈ ਅਤੇ ਸਮੁੱਚੀ ਸਰੀਰਕ ਸਿਹਤ ਦਾ ਮੁਆਇਨਾ ਕਰਦਿਆਂ ਮਾਪਿਆਂ ਨੂੰ ਸਿਹਤ ਸੰਬੰਧੀ ਮਹੱਤਵਪੂਰਨ ਜਾਣਕਾਰੀ ਅਤੇ ਲੋੜੀਂਦੀਆਂ ਸਲਾਹਾਂ ਦਿੱਤੀਆਂ। ਕੈਂਪ ਦੌਰਾਨ ਬੱਚਿਆਂ ਨੂੰ ਸਾਫ਼-ਸੁਥਰੀਆਂ ਆਦਤਾਂ, ਸੰਤੁਲਿਤ ਖੁਰਾਕ ਅਤੇ ਨਿਯਮਿਤ ਸਿਹਤ ਜਾਂਚ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ ਗਿਆ।
ਬਾਲ ਰੋਗ ਦੇ ਮਾਹਿਰ ਡਾਕਟਰ ਅੰਕੁਸ਼ ਜਿੰਦਲਜੀ ਨੇ ਕਿਹਾ “ਬੱਚਿਆਂ ਦੀ ਸਿਹਤ ਦੀ ਨਿਯਮਿਤ ਜਾਂਚ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਕਈ ਸਿਹਤ ਸਮੱਸਿਆਵਾਂ ਦਾ ਸਮੇਂ ਸਿਰ ਪਤਾ ਲੱਗ ਜਾਂਦਾ ਹੈ। ਮਾਪਿਆਂ ਨੂੰ ਬੱਚਿਆਂ ਦੇ ਸੰਤੁਲਿਤ ਆਹਾਰ, ਨਿਯਮਿਤ ਕਸਰਤ, ਪੂਰੀ ਨੀਂਦ ਅਤੇ ਸਫ਼ਾਈ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਸਿਹਤ ਜਾਂਚ ਕੈਂਪ ਬੱਚਿਆਂ ਦੇ ਤੰਦਰੁਸਤ ਅਤੇ ਖੁਸ਼ਹਾਲ ਭਵਿੱਖ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ।
ਦੰਦਾਂ ਦੇ ਮਾਹਿਰ ਡਾਕਟਰ ਵੀਰ ਕਪਲੀਏਸ਼ ਅਤੇ ਡਾਕਟਰ ਮੇਘਾ ਜੀ ਨੇ ਕਿਹਾ, “ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਦੰਦਾਂ ਦੀ ਸਹੀ ਦੇਖਭਾਲ ਦੀ ਆਦਤ ਪਾਉਣੀ ਚਾਹੀਦੀ ਹੈ। ਦਿਨ ਵਿੱਚ ਦੋ ਵਾਰ ਬਰਸ਼ ਕਰਨਾ, ਮਿੱਠੀਆਂ ਚੀਜ਼ਾਂ ਦਾ ਸੀਮਤ ਸੇਵਨ ਕਰਨਾ ਅਤੇ ਹਰ ਛੇ ਮਹੀਨੇ ਬਾਅਦ ਦੰਦਾਂ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਸਮੇਂ ਸਿਰ ਕੀਤੀ ਗਈ ਡੈਂਟਲ ਜਾਂਚ ਨਾਲ ਦੰਦਾਂ ਦੀਆਂ ਸਮੱਸਿਆਵਾਂ ਨੂੰ ਸ਼ੁਰੂਆਤੀ ਪੜਾਅ ਵਿੱਚ ਹੀ ਰੋਕਿਆ ਜਾ ਸਕਦਾ ਹੈ, ਜਿਸ ਨਾਲ ਬੱਚਿਆਂ ਦੀ ਮੁਸਕਾਨ ਅਤੇ ਸਮੁੱਚੀ ਸਿਹਤ ਦੋਵੇਂ ਤੰਦਰੁਸਤ ਰਹਿੰਦੀਆਂ ਹਨ।”
ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਕਿਹਾ ਕਿ “ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੀ ਚੰਗੀ ਸਿਹਤ ਵੀ ਸਾਡੀ ਪਹਿਲੀ ਤਰਜੀਹ ਹੈ। ਅਜਿਹੇ ਸਿਹਤ ਜਾਂਚ ਕੈਂਪ ਬੱਚਿਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਂਦੇ ਹਨ ਅਤੇ ਸਮੇਂ ਸਿਰ ਸਮੱਸਿਆਵਾਂ ਦੀ ਪਛਾਣ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।”
ਸਕੂਲ ਦੇ ਐਮ.ਡੀ. ਸ਼੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ “ਟੰਡਨ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਸਕੂਲ ਵਿੱਚ ਸਾਡਾ ਉਦੇਸ਼ ਸਿਰਫ਼ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਹਰ ਵਿਦਿਆਰਥੀ ਦੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਦਾ ਵੀ ਪੂਰਾ ਧਿਆਨ ਰੱਖਣਾ ਹੈ। ਸਿਹਤਮੰਦ ਬੱਚਾ ਹੀ ਚੰਗੀ ਸਿੱਖਿਆ ਨੂੰ ਅਪਣਾਉਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਯੋਗ ਬਣਦਾ ਹੈ। ਇਸੇ ਸੋਚ ਦੇ ਤਹਿਤ ਪੀ.ਟੀ.ਐਮ. ਦੇ ਨਾਲ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ, ਤਾਂ ਜੋ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿਹਤ ਬਾਰੇ ਮਾਹਿਰ ਡਾਕਟਰਾਂ ਤੋਂ ਸਹੀ ਮਾਰਗਦਰਸ਼ਨ ਮਿਲ ਸਕੇ। ਭਵਿੱਖ ਵਿੱਚ ਵੀ ਸਕੂਲ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਅੰਤ ਵਿਚ ਸਕੂਲ ਵਲੋਂ ਦੋਨੋ ਡਾਕਟਰਾਂ ਦਾ ਧੰਨਵਾਦ ਕੀਤਾ ਗਿਆ ਜੋ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਕੂਲ ਨੂੰ ਦਿੱਤਾ।
ਪੀ.ਟੀ.ਐਮ. ਅਤੇ ਸਿਹਤ ਜਾਂਚ ਕੈਂਪ ਦੇ ਇਸ ਸਾਂਝੇ ਉਪਰਾਲੇ ਨੂੰ ਮਾਪਿਆਂ ਵੱਲੋਂ ਭਰਪੂਰ ਸਰਾਹਿਆ ਗਿਆ ਅਤੇ ਉਨ੍ਹਾਂ ਨੇ ਸਕੂਲ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਇਸਨੂੰ ਬੱਚਿਆਂ ਦੀ ਸਿਹਤ ਲਈ ਬਹੁਤ ਹੀ ਲਾਭਦਾਇਕ ਉਪਰਾਲਾ ਦੱਸਿਆ।


