

ਹੋਲੀ ਹਾਰਟ ਪਬਲਿਕ ਸਕੂਲ ਵਿੱਚ ਮੇਗਾ ਮੈਡੀਕਲ ਕੈਂਪ ਦਾ ਸਫਲ ਆਯੋਜਨ
ਬਰਨਾਲਾ(ਹਿਮਾਂਸ਼ੂ ਗੋਇਲ)
ਸਮਾਜ ਦੀ ਭਲਾਈ ਅਤੇ ਸਿਹਤ ਜਾਗਰੂਕਤਾ ਨੂੰ ਸਮਰਪਿਤ ਇੱਕ ਮਹੱਤਵਪੂਰਨ ਉਪਰਾਲੇ ਤਹਿਤ ਜੀ. ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਵਿਖੇ ਮੈਨੇਜਿੰਗ ਡਾਇਰੈਕਟਰ ਸ. ਸੁਸ਼ੀਲ ਗੋਇਲ ਜੀ ਦੀ ਅਗਵਾਈ ਹੇਠ 18 ਜੁਲਾਈ 2026 ਨੂੰ ਇੱਕ ਵਿਸ਼ਾਲ ਮੇਗਾ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।
ਸਕੂਲ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਬੱਚਿਆਂ ਦਾ ਸਰਬਪੱਖੀ ਵਿਕਾਸ ਸਿਰਫ਼ ਉੱਚ-ਗੁਣਵੱਤਾ ਵਾਲੀ ਸਿੱਖਿਆ ਨਾਲ ਹੀ ਨਹੀਂ, ਸਗੋਂ ਉਨ੍ਹਾਂ ਦੀ ਚੰਗੀ ਸਿਹਤ ਨਾਲ ਵੀ ਸੰਭਵ ਹੈ। ਇਸੇ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਦੇ ਸਮੂਹ ਡਰਾਈਵਰਾਂ ਅਤੇ ਅਧਿਆਪਕਾਂ ਦੀਆਂ ਅੱਖਾਂ ਅਤੇ ਦੰਦਾਂ ਦੀ ਜਾਂਚ ਵੀ ਕਰਵਾਈ ਗਈ, ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਿਹਤਮੰਦ ਸਕੂਲੀ ਵਾਤਾਵਰਣ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।
ਕੈਂਪ ਵਿੱਚ ਪ੍ਰਸਿੱਧ ਮਾਹਿਰ ਡਾਕਟਰਾਂ ਦੀ ਟੀਮ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ, ਜਿਨ੍ਹਾਂ ਵਿੱਚ ਡਾ. ਰੁਪੇਸ਼ ਸਿੰਗਲਾ (MBBS, MS – ਅੱਖਾਂ ਦੇ ਮਾਹਿਰ) ਅਤੇ ਟੀਮ ਡਾ. ਨੇਹਾ ਚੱਢਾ (MDS – ਦੰਦਾਂ ਦੀ ਮਾਹਿਰ) ਅਤੇ ਟੀਮ ਸ਼ਾਮਲ ਸਨ। ਇਸ ਦੌਰਾਨ ਵਿਦਿਆਰਥੀਆਂ ਦੀ ਅੱਖਾਂ ਅਤੇ ਦੰਦਾਂ ਦੀ ਵਿਸਤ੍ਰਿਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਦੰਦਾਂ ਦੀ ਸਹੀ ਸੰਭਾਲ, ਅੱਖਾਂ ਦੀ ਸੁਰੱਖਿਆ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਸਬੰਧੀ ਮਹੱਤਵਪੂਰਨ ਜਾਣਕਾਰੀ ਵੀ ਦਿੱਤੀ ਗਈ। ਡਾਕਟਰਾਂ ਨੇ ਨਿਯਮਤ ਸਿਹਤ ਜਾਂਚਾਂ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ।
ਇਹ ਮੇਗਾ ਮੈਡੀਕਲ ਕੈਂਪ ਬਹੁਤ ਹੀ ਸਫਲ ਰਿਹਾ ਅਤੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਵੱਲੋਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ਸਕੂਲ ਦੇ ਚੇਅਰਮੈਨ ਸ਼੍ਰੀ ਅਜੈ ਜਿੰਦਲ ਜੀ, ਡਾਇਰੈਕਟਰ ਸ਼੍ਰੀ ਨਿਤਿਨ ਜਿੰਦਲ ਜੀ, ਐਗਜ਼ਿਕਿਊਟਿਵ ਡਾਇਰੈਕਟਰ ਸ. ਰਾਕੇਸ਼ ਬਾਂਸਲ ਜੀ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪਰਦੀਪ ਕੌਰ ਗਰੇਵਾਲ ਜੀ ਨੇ ਡਾਕਟਰਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੀ. ਹੋਲੀ ਹਾਰਟ ਪਬਲਿਕ ਸਕੂਲ ਸਿਰਫ਼ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਹੀ ਨਹੀਂ, ਸਗੋਂ ਵਿਦਿਆਰਥੀਆਂ ਦੀ ਸਿਹਤ, ਸੁਰੱਖਿਆ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹੈ।


