

ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਹੜ੍ਹਤਾਲ 5ਵੇਂ ਦਿਨ ਚ ਸ਼ਾਮਿਲ
ਮੰਗਾਂ ਦੀ ਪ੍ਰਾਪਤੀ ਤੱਕ ਹੜ੍ਹਤਾਲ ਰਹੇਗੀ ਜਾਰੀ — ਐਡਵੋਕੇਟ ਤਲਵਿੰਦਰ ਮਸੌਣ
ਬਰਨਾਲਾ, 11 ਜੁਲਾਈ (ਬਿਊਰੋ ਰਿਪੋਰਟ)
ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ‘ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ ਵੱਲੋਂ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਹੜ੍ਹਤਾਲ 5ਵੇਂ ਦਿਨ ਚ ਸ਼ਾਮਿਲ ਹੋ ਗਈ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਮੀਤ ਪ੍ਰਧਾਨ ਤਲਵਿੰਦਰ ਸਿੰਘ ਮਸੌਣ ਨੇ ਕਿਹਾ ਕਿ ਪੁਲਿਸ ਵੱਲੋਂ ਚੋਰੀਆਂ ਲੁੱਟਾਂ ਖੋਹਾਂ ਅਤੇ ਹੋਰ ਅਪਰਾਧ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਂਦੇ ਹਨ ਤਾਂ ਜੋ ਉਹਨਾਂ ਨੂੰ ਸਜ਼ਾ ਮਿਲ ਸਕੇ ਅਤੇ ਸਮਾਜ ਅੰਦਰ ਅਮਨ ਕਾਨੂੰਨ ਬਣਿਆ ਰਹੇ, ਪਰ ਦੂਜੇ ਪਾਸੇ ਐੱਲ.ਏ.ਡੀ.ਸੀ ਕਾਨੂੰਨ ਤਹਿਤ ਅਜਿਹੇ ਮੁਲਜ਼ਮਾਂ ਨੂੰ ਬਿਨਾ ਕਿਸੇ ਫ਼ੀਸ ਤੋਂ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸੌਖੇ ਤਰੀਕੇ ਨਾਲ ਜ਼ਮਾਨਤ ਮਿਲ ਜਾਂਦੀ ਹੈ। ਬਿਨਾਂ ਪੈਸਿਆਂ ਜ਼ਮਾਨਤ ਹੋਣ ਤੇ ਅਪਰਾਧੀਆਂ ਦੇ ਹੌਸਲੇ ਹੋਰ ਵਧ ਜਾਂਦੇ ਹਨ, ਕਿਉਂਕਿ ਨਾ ਤਾਂ ਮੁਲਜ਼ਮਾਂ ਨੂੰ ਵਕੀਲ ਦੀ ਫ਼ੀਸ ਦੇਣੀ ਪੈਂਦੀ ਹੈ ਅਤੇ ਜ਼ਮਾਨਤ ਕਰਵਾਉਣ ਦਾ ਖ਼ਰਚਾ ਵੀ ਬਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਵਿੱਚ ਬਹੁਤ ਖਾਮੀਆਂ ਹਨ । ਉਨ੍ਹਾਂ ਨੇ ਕਿਹਾ ਕਿ ਮੌਜੂਦਾ ਪ੍ਰਣਾਲੀ ਪਾਰਦਰਸ਼ੀ ਨਹੀਂ ਹੈ ਅਤੇ ਇਸ ‘ਚ ਸੁਧਾਰ ਦੀ ਸਖ਼ਤ ਲੋੜ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਮੌਜੂਦਾ ਪ੍ਰਣਾਲੀ ਨੂੰ ਰੱਦ ਨਹੀਂ ਕੀਤਾ ਜਾਂਦਾ ਵਕੀਲਾਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਰਹੇਗੀ।


