

ਪੰਜਾਬੀ ਭਾਸ਼ਾ ਦੀ ਪੁਸਤਕ “ਇਨਫਾਰਮੇਸ਼ਨ ਟੈਕਨਾਲੋਜੀ ਐਂਡ ਐਮ.ਐਸ. ਆਫਿਸ ਆਟੋਮੇਸ਼ਨ” ਦਾ ਲੋਕ ਅਰਪਣ
ਭਦੌੜ, 11 ਜੁਲਾਈ (ਹਿਮਾਂਸ਼ੂ ਗੋਇਲ)
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਮੀਰੀ ਪੀਰੀ ਖਾਲਸਾ ਕਾਲਜ, ਭਦੌੜ ਦੇ ਪ੍ਰਿੰਸੀਪਲ ਪ੍ਰੋ. ਮਲਵਿੰਦਰ ਸਿੰਘ, ਡਾ. ਮੁਨੀਸ਼ ਜਿੰਦਲ, ਪ੍ਰੋ. ਮਨਜਿੰਦਰ ਸਿੰਘ ਅਤੇ ਪ੍ਰੋ. ਮਨਮੀਤ ਕੌਰ ਵੱਲੋਂ ਤਿਆਰ ਕੀਤੀ ਗਈ ਪੰਜਾਬੀ ਭਾਸ਼ਾ ਦੀ ਪੁਸਤਕ “ਇਨਫਾਰਮੇਸ਼ਨ ਟੈਕਨਾਲੋਜੀ ਐਂਡ ਐਮ.ਐਸ. ਆਫਿਸ ਆਟੋਮੇਸ਼ਨ” ਦਾ ਲੋਕ ਅਰਪਣ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ ਵੱਲੋਂ ਕੀਤਾ ਗਿਆ।
ਇਸ ਮੌਕੇ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ ਨੇ ਪੁਸਤਕ ਦੇ ਸਾਰੇ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਸਤਕ ਪੰਜਾਬੀ ਮਾਧਿਅਮ ਅਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਯੁੱਗ ਵਿੱਚ ਸੂਚਨਾ ਤਕਨਾਲੋਜੀ ਨਾਲ ਜੋੜਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਵਿੱਚ ਤਿਆਰ ਕੀਤੀ ਗਈ ਇਹ ਪੁਸਤਕ ਸੂਚਨਾ ਤਕਨਾਲੋਜੀ ਅਤੇ ਐਮ.ਐਸ. ਆਫਿਸ ਆਟੋਮੇਸ਼ਨ ਨੂੰ ਸਰਲ, ਪ੍ਰਭਾਵਸ਼ਾਲੀ ਅਤੇ ਵਿਹਾਰਕ ਢੰਗ ਨਾਲ ਸਮਝਣ ਵਿੱਚ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।
ਪ੍ਰਿੰਸੀਪਲ ਪ੍ਰੋ. ਮਲਵਿੰਦਰ ਸਿੰਘ ਦੁਆਰਾ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸੂਚਨਾ ਤਕਨਾਲੋਜੀ ਅਤੇ ਐਮ.ਐਸ. ਆਫਿਸ ਆਟੋਮੇਸ਼ਨ ਦੇ ਵਿਸ਼ਿਆਂ ਨੂੰ ਆਸਾਨ, ਵਿਹਾਰਕ ਅਤੇ ਪੰਜਾਬੀ ਭਾਸ਼ਾ ਵਿੱਚ ਸਮਝਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਵੱਖ-ਵੱਖ ਕਾਲਜਾਂ ਵਿੱਚ ਚੱਲ ਰਹੇ ਬੀ.ਏ. ਕੰਪਿਊਟਰ ਸਾਇੰਸ ਕੋਰਸ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਇਹ ਪੁਸਤਕ ਵਿਦਿਆਰਥੀਆਂ ਨੂੰ ਵਿਸ਼ੇ ਦੀ ਡੂੰਘੀ ਸਮਝ ਵਿਕਸਿਤ ਕਰਨ, ਵਿਹਾਰਕ ਗਿਆਨ ਪ੍ਰਾਪਤ ਕਰਨ ਅਤੇ ਭਵਿੱਖ ਦੇ ਕਰੀਅਰ ਲਈ ਲੋੜੀਂਦੇ ਹੁਨਰ ਹਾਸਲ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।


