

ਦੀਕਸ਼ਾ ਕੰਪਿਊਟਰ ਐਜੂਕੇਸ਼ਨ ਸੁਨਾਮ ਦੀ 9ਵੀਂ ਵਰ੍ਹੇਗੰਢ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ
ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਸੰਸਥਾ ਦੀ ਚੜ੍ਹਦੀ ਕਲਾ ਦੀ ਕੀਤੀ ਕਾਮਨਾ, ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਰੀ ਹਾਜ਼ਰੀ
ਸੁਨਾਮ(ਹਿਮਾਂਸ਼ੂ ਗੋਇਲ)
ਦੀਕਸ਼ਾ ਕੰਪਿਊਟਰ ਐਜੂਕੇਸ਼ਨ, ਸੁਨਾਮ ਦੀ 9ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਸੰਸਥਾ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਪਾਵਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਸਿੱਖਿਆ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕਰਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਏ ਅਤੇ ਸੰਸਥਾ ਦੀ ਤਰੱਕੀ, ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਸਮਾਜ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।
ਸਮਾਗਮ ਦੌਰਾਨ ਸਮੂਹ ਸੰਗਤ ਨੇ ਗੁਰਬਾਣੀ ਦੇ ਕੀਰਤਨ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਆਨੰਦ ਮਾਣਿਆ। ਇਸ ਮੌਕੇ ਦੀਕਸ਼ਾ ਕੰਪਿਊਟਰ ਐਜੂਕੇਸ਼ਨ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੀ ਪੂਰੀ ਸ਼ਰਧਾ ਨਾਲ ਹਾਜ਼ਰੀ ਭਰੀ।
ਸੈਂਟਰ ਡਾਇਰੈਕਟਰ ਪ੍ਰੇਮ ਸ਼ਰਮਾ ਨੇ ਦੱਸਿਆ ਕਿ ਦੀਕਸ਼ਾ ਕੰਪਿਊਟਰ ਐਜੂਕੇਸ਼ਨ ਪਿਛਲੇ ਨੌਂ ਸਾਲਾਂ ਤੋਂ ਸੁਨਾਮ ਅਤੇ ਆਸ-ਪਾਸ ਦੇ ਖੇਤਰ ਦੇ ਨੌਜਵਾਨਾਂ ਨੂੰ ਗੁਣਵੱਤਾ ਭਰਪੂਰ ਅਤੇ ਰੁਜ਼ਗਾਰਮੁਖੀ ਕੰਪਿਊਟਰ ਸਿੱਖਿਆ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਸਿਰਫ਼ ਕੰਪਿਊਟਰ ਸਿੱਖਿਆ ਦੇਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਚੰਗੇ ਸੰਸਕਾਰ, ਸਮਾਜਿਕ ਜ਼ਿੰਮੇਵਾਰੀ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਪ੍ਰਫੁੱਲਤ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇਗੰਢ ਮੌਕੇ ਵੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਹੈ।
ਅੰਤ ਵਿੱਚ ਸੰਸਥਾ ਪ੍ਰਬੰਧਕਾਂ ਵੱਲੋਂ ਸਮੂਹ ਮਹਿਮਾਨਾਂ, ਸੰਗਤ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਗਿਆ ਕਿ ਦੀਕਸ਼ਾ ਕੰਪਿਊਟਰ ਐਜੂਕੇਸ਼ਨ ਭਵਿੱਖ ਵਿੱਚ ਵੀ ਸਿੱਖਿਆ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖੇਗੀ।
ਇਸ ਮੌਕੇ ਯਾਦਵਿੰਦਰ ਸਿੰਘ ਨਿਰਮਾਣ (ਮੀਤ ਪ੍ਰਧਾਨ, ਸੁਨਾਮ), ਰਜਿੰਦਰ ਕੌਰ ਐਮ.ਸੀ., ਰਿੰਪੀ ਜੀ ਐਮ.ਸੀ., ਅਵਤਾਰ ਸਿੰਘ ਠੇਕੇਦਾਰ, ਸਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਮਿੰਟਾ ਜੀ, ਹਰਮੇਸ਼ ਸ਼ਰਮਾ ਠੇਕੇਦਾਰ, ਦੀਕਸ਼ਾ ਕੰਪਿਊਟਰ ਐਜੂਕੇਸ਼ਨ ਦੇ ਮੈਨੇਜਰ ਮੰਗੇ ਰਾਮ ਸ਼ਰਮਾ, ਸਰਦਾਰ ਕੇਵਲ ਸਿੰਘ (ਸਾਬਕਾ ਐਸ.ਡੀ.ਓ., ਬੀ.ਐਸ.ਐਨ.ਐਲ.), ਰਣ ਸਿੰਘ (ਸਾਬਕਾ ਐਸ.ਡੀ.ਓ.), ਕ੍ਰਿਸ਼ਨ ਚੰਦ ਗਰਗ (ਸਾਬਕਾ ਐਸ.ਡੀ.ਓ., ਬਿਜਲੀ ਬੋਰਡ), ਕੇਵਲ ਕੌਸ਼ਿਕ (ਸਾਬਕਾ ਐਸ.ਡੀ.ਓ., ਬਿਜਲੀ ਬੋਰਡ), ਓਮ ਪ੍ਰਕਾਸ਼ ਆਸੀ (ਸੇਵਾਮੁਕਤ), ਪ੍ਰੀਤਪਾਲ ਸਿੰਘ ਐਮ.ਸੀ. ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਰਹੇ।


