

ਸੰਸਦ ਮੈਂਬਰ ਮੀਤ ਹੇਅਰ ਵਲੋਂ ਪੱਤੀ ਸੋਹਲ ਵਿਚ 57.47 ਲੱਖ ਦੀ ਲਾਗਤ ਵਾਲੇ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ
ਪਿੰਡ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਹੋਈ ਪੂਰੀ, ਪਾਣੀ ਦੀ ਕਿੱਲਤ ਹੋਵੇਗੀ ਦੂਰ
ਕਿਹਾ, 20 ਲੱਖ ਦੀ ਲਾਗਤ ਨਾਲ ਨਿਕਾਸੀ ਦਾ ਮਸਲਾ ਵੀ ਜਲਦ ਕੀਤਾ ਜਾਵੇਗਾ ਹੱਲ
ਬਰਨਾਲਾ, 30 ਜੂਨ(ਹਿਮਾਂਸ਼ੂ ਗੋਇਲ)
ਗ੍ਰਾਮ ਪੰਚਾਇਤ ਪੱਤੀ ਸੋਹਲ ਵਿਚ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਅੱਜ ਸੰਸਦ ਮੈਂਬਰ ਸੰਗਰੂਰ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਸਾਢੇ 57 ਲੱਖ ਦੀ ਲਾਗਤ ਵਾਲੇ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੀ ਇਹ ਕਾਫੀ ਸਮੇਂ ਦੀ ਮੰਗ ਸੀ ਜਿਸ ਦੇ ਮੱਦੇਨਜ਼ਰ ਇਹ ਪ੍ਰੋਜੈਕਟ ਪਾਸ ਕਰਵਾਇਆ ਗਿਆ ਹੈ। ਓਹਨਾਂ ਕਿਹਾ ਕਿ ਇਸ ਪਿੰਡ ਵਿਚ ਸਾਢੇ 57 ਲੱਖ ਦੀ ਲਾਗਤ ਨਾਲ ਪਾਣੀ ਵਾਲੀ ਟੈਂਕੀ, ਪਾਈਪਲਾਈਨ, ਟਿਊਬਵੈੱਲ, ਸੋਲਰ ਪੈਨਲ ਦਾ ਕੰਮ ਕਰਵਾਇਆ ਗਿਆ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਹੁਣ ਪਾਣੀ ਦੀ ਕਿੱਲਤ ਨਹੀਂ ਆਵੇਗੀ। ਇਸ ਤੋਂ ਇਲਾਵਾ ਪਾਣੀ ਦੀ ਨਿਕਾਸੀ ਦਾ ਹੱਲ ਵੀ ਕਰੀਬ 20 ਲੱਖ ਦੀ ਲਾਗਤ ਨਾਲ ਆਉਂਦੇ ਦਿਨੀ ਕੀਤਾ ਜਾਵੇਗਾ।

ਓਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ 35 ਕਰੋੜ ਦੀ ਲਾਗਤ ਨਾਲ ਛੱਪੜਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਕਰੀਬ 300 ਕਰੋੜ ਰੁਪਏ ਨਹਿਰੀ ਪਾਣੀ ਦੇ ਪ੍ਰੋਜੈਕਟਾਂ ਉੱਤੇ ਖਰਚੇ ਗਏ ਹਨ।
ਓਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਪਿੰਡਾਂ ਦੇ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਓਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡਾਂ ਵਿਚ ਖੇਡ ਢਾਂਚੇ ਉੱਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਜ਼ਿਲ੍ਹੇ ਵਿੱਚ 25 ਕਰੋੜ ਦੀ ਲਾਗਤ ਨਾਲ ਖੇਡ ਮੈਦਾਨ, ਆਧੁਨਿਕ ਜਿਮ ਅਤੇ ਸੀ ਐਮ ਦੀ ਯੋਗਸ਼ਾਲਾ ਤਹਿਤ ਮੁਫਤ ਕਲਾਸਾਂ ਲਾਈਆਂ ਜਾ ਰਹੀਆਂ ਹਨ ਤਾਂ ਜੋ ਕਿ ਸਾਡੇ ਲੋਕ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਨਰੋਈ ਰਹੇ।
ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਐਕਸੀਅਨ ਜਲ ਸਪਲਾਈ ਚਮਕ ਸਿੰਗਲਾ, ਪਿੰਡ ਦੀ ਪੰਚਾਇਤ ਅਤੇ ਪਤਵੰਤੇ ਹਾਜ਼ਰ ਸਨ।
ਇਸ ਦੌਰਾਨ ਡਾਕਟਰ ਕਰਨ ਸ਼ਰਮਾ ਦੁਆਰਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।


