
ਡਰਾਈਵਰਾਂ ਨੂੰ ਵਹੀਕਲਾਂ ਦੇ ਦਸਤਾਵੇਜ਼ਾਂ ਸਬੰਧੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ
ਬਰਨਾਲਾ:ਖੇਤਰੀ ਟਰਾਂਸਪੋਰਟ ਅਥਾਰਟੀ-ਕਮ-ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਹਰਪ੍ਰੀਤ ਸਿੰਘ ਅਟਵਾਲ ਅਤੇ ਸਟਾਫ ਵੱਲੋਂ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ‘ਤੇ ਟ੍ਰੈਫਿਕ ਸਬੰਧੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਵਾਹਨਾਂ ਦੇ ਚਲਾਨ ਕੱਟੇ ਜਿਨ੍ਹਾਂ ਦੇ ਦਸਤਾਵੇਜ਼ ਅਧੂਰੇ ਸਨ ਜਾਂ ਨਹੀਂ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਅਟਵਾਲ ਨੇ ਦੱਸਿਆ ਕਿ ਆਈ ਟੀ ਆਈ ਚੌਂਕ, ਟਰਾਈਡੈਂਟ ਸੰਘੇੜਾ ਅਤੇ ਜ਼ਿਲੇ ਦੇ ਵੱਖ -ਵੱਖ ਥਾਵਾਂ ‘ਤੇ ਟ੍ਰੈਫਿਕ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਡਰਾਈਵਰਾਂ ਨੂੰ ਵਹੀਕਲਾਂ ਦੇ ਦਸਤਾਵੇਜ਼ਾਂ ਸਬੰਧੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਜਿਹੜੇ ਵਹੀਕਲਾਂ ਦੇ ਕਾਗਜ਼ਾਤ ਮੌਕੇ ‘ਤੇ ਅਧੂਰੇ ਪਾਏ ਗਏ , ਉਹਨਾਂ ਦਾ ਮੋਟਰ ਵਹੀਕਲ ਐਕਟ ਦੀਆਂ ਵੱਖ-ਵੱਖ ਧਾਰਾਵਾਂ ਜਿਵੇਂ ਬਿਨਾ ਬੀਮਾ, ਪ੍ਰਦੂਸ਼ਨ , ਓਵਰਲੋਡ, ਓਵਰਹਾਈਟ ਆਦਿ ਦੇ ਕੁੱਲ 21 ਚਲਾਨ ਕੀਤੇ ਗਏ।
ਸ਼੍ਰੀ ਅਟਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਜਾਰੀ ਕੀਤੇ ਦਸਤਾਵੇਜ਼ ਲਾਜ਼ਮੀ ਆਪਣੇ ਕੋਲ ਰੱਖਣ, ਗੱਡੀਆਂ ਦੇ ਬੀਮੇ ਸਮੇਂ ਸਿਰ ਕਰਵਾਉਣ, ਮੁਢਲੀ ਸਹਾਇਤਾ ਕਿਟ ਦਵਾਈਆਂ ਸਮੇਤ ਰੱਖੀ ਜਾਵੇ ਅਤੇ ਨਿਯਮਾਂ ਦੀ ਸੰਪੂਰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹਰ ਇਕ ਨਾਗਰਿਕ ਦਾ ਫਰਜ਼ ਹੈ ਅਤੇ ਇਸ ਨੂੰ ਪੂਰਾ ਕੀਤਾ ਜਾਵੇ।