

ਮੀਤ ਹੇਅਰ ਨੇ ਚੋਣ ਜੇਤੂਆਂ ਨਾਲ ਕੀਤੀ ਪਲੇਠੀ ਮਿਲਣੀ ਤੇ ਦਿੱਤੀ ਵਧਾਈ
-ਕਿਹਾ ਕਿ 27 ਦੇ ਸੈਮੀਫਾਈਨਲ ‘ਚ ਭਗਵੰਤ ਮਾਨ ਸਰਕਾਰ ਦੇ ਕੀਤੇ ਕੰਮਾਂ ‘ਤੇ ਲੋਕਾਂ ਨੇ ਲਾਈ ਮੋਹਰ: ਮੀਤ ਹੇਅਰ
ਬਰਨਾਲਾ(ਹਿਮਾਂਸ਼ੂ ਗੋਇਲ)
ਨਵੀਂ ਬਣੀ ਬਰਨਾਲਾ ਨਿਗਮ ਦੀਆਂ ਪਲੇਠੀਆਂ ਚੋਣਾਂ ਦੇ ਜੇਤੂ ‘ਆਪ’ ਉਮੀਦਵਾਰਾਂ ਤੇ ਨਾਲ ਇੱਥੇ ਬਰਨਾਲਾ ਕਲੱਬ ਵਿਖੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਹਿਲੀ ਮਿਲਣੀ ਕੀਤੀ ਅਤੇ ਮੁਬਾਰਕਾਂ ਦਿੱਤੀਆਂ।
ਉਪਰੰਤ ਮੀਡੀਆ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਇਹ ਚੋਣਾਂ ਆਗਾਮੀ ਵਿਧਾਨ ਸਭਾ ਚੋਣਾਂ 2027 ਦਾ ਸੈਮੀਫਾਈਨਲ ਸਨ, ਜਿਨ੍ਹਾਂ ‘ਚ ਪਾਰਟੀ ਦੀ ਹੂੰਝਾ ਫੇਰੂ ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ 27 ‘ਚ ਵੀ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਯਕੀਨੀ ਤੌਰ ‘ਤੇ ਬਣੇਗੀ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਸਮੇਤ ਸੂਬੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਦੇ ਚਾਰ ਸਾਲਾਂ ਦੇ ਵਿਕਾਸ ਕਾਰਜਾਂ ‘ਤੇ ਮੋਹਰ ਲਗਾਈ ਹੈ। ਮੀਤ ਹੇਅਰ ਨੇ ਬਰਨਾਲਾ ਦੇ ਵੋਟਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਮੁਫ਼ਤ ਬਿਜਲੀ, ਬਿਨਾਂ ਸਿਫ਼ਾਰਿਸ਼ ਦੇ ਸਰਕਾਰੀ ਨੌਕਰੀਆਂ ਅਤੇ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਵਰਗੇ ਇਤਿਹਾਸਕ ਕੰਮਾਂ ਨੂੰ ਦੇਖ ਕੇ ਵੋਟਾਂ ਪਾਈਆਂ ਹਨ। ਵਿਰੋਧੀਆਂ ਨੂੰ ਸ਼ੀਸ਼ਾ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ‘ਆਪ’ ਨੂੰ ਇਕੱਲੇ ਬਰਨਾਲਾ ਸ਼ਹਿਰ ਵਿੱਚੋਂ ਕਰੀਬ 46.47 ਫ਼ੀਸਦੀ ਵੋਟਾਂ ਮਿਲੀਆਂ ਹਨ, ਜਦੋਂਕਿ ਦੂਜੇ ਨੰਬਰ ’ਤੇ ਰਹੀ ਕਾਂਗਰਸ ਨੂੰ 16 ਫ਼ੀਸਦੀ, ਭਾਜਪਾ ਨੂੰ 12.48 ਫ਼ੀਸਦੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ)ਨੂੰ ਸਿਰਫ਼ 11 ਫ਼ੀਸਦੀ ਵੋਟਾਂ ਹੀ ਮਿਲ ਸਕੀਆਂ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਸਾਂਝੀ ਵੋਟ ਪ੍ਰਤੀਸ਼ਤ 39 ਫ਼ੀਸਦੀ ਵੀ ‘ਆਪ’ ਨਾਲੋਂ 7 ਫ਼ੀਸਦੀ ਘੱਟ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਸਾਰੇ ਵਾਰਡਾਂ ‘ਚ ਚੋਣਾਂ ਲੜਾਉਣ ਲਈ 50 ਬੰਦੇ ਵੀ ਨਹੀਂ ਮਿਲੇ। ਭਾਜਪਾ ਨੇ 27, ਅਕਾਲੀ ਦਲ ਨੇ 27 ਅਤੇ ਕਾਂਗਰਸ ਨੇ 39 ਉਮੀਦਵਾਰ ਖੜ੍ਹੇ ਕੀਤੇ ਸਨ। ਉਨ੍ਹਾਂ ਦੱਸਿਆ ਕਿ ਧਨੌਲਾ ਦੇ ਅੰਦਰ ਵਿਰੋਧੀਆਂ ਨੇ ਸਾਂਝੇ ਉਮੀਦਵਾਰ ਖੜ੍ਹੇ ਕੀਤੇ ਸਨ, ਫਿਰ ਵੀ 13 ਵਿੱਚੋਂ 8 ਸੀਟਾਂ ‘ਆਪ’ ਨੇ ਜਿੱਤੀਆਂ ਅਤੇ ਬਾਕੀ ਪਾਰਟੀਆਂ ਦਾ ਖਾਤਾ ਤੱਕ ਨਹੀਂ ਖੁੱਲ੍ਹਿਆ।
ਵਿਰੋਧੀਆਂ ਵੱਲੋਂ ਧੱਕੇਸ਼ਾਹੀ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਮੀਤ ਹੇਅਰ ਨੇ ਕਿਹਾ ਕਿ ਚੋਣਾਂ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਹੋਈਆਂ ਹਨ। ਹਰ ਪੋਲਿੰਗ ਸਟੇਸ਼ਨ ‘ਤੇ ਚਾਰ ਮੁਲਾਜ਼ਮ ਤਾਇਨਾਤ ਸਨ, ਵੋਟਰ ਆਈਡੀ ਦੀ ਜਾਂਚ, ਰਜਿਸਟਰ ‘ਤੇ ਦਸਤਖਤ ਅਤੇ ਹਰ ਘੰਟੇ ਦੀ ਰਿਪੋਰਟ ਐਸ.ਡੀ.ਐਮ ਦਫ਼ਤਰ ਭੇਜੀ ਜਾਂਦੀ ਰਹੀ ਹੈ। ਉਹਨਾਂ ਕਿਹਾ ਕਿ ਵਿਰੋਧੀਆਂ ਦੇ ਵੱਡੇ ਆਗੂ, ਸਿਟਿੰਗ ਐਮ.ਐਲ.ਏ. ਅਤੇ ਹਲਕਾ ਇੰਚਾਰਜ ਆਪਣੇ ਹੀ ਵਾਰਡਾਂ ਵਿੱਚੋਂ ਹਾਰ ਗਏ ਹਨ, ਉਹ ਹੁਣ ਹਾਰ ਦੇ ਬਹਾਨੇ ਲੱਭ ਰਹੇ ਹਨ।
ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਤੇ ਨਗਰ ਸੁਧਾਰ ਟਰੱਸਟ ਚੇਅਰਮੈਨ ਰਾਮ ਤੀਰਥ ਮੰਨਾ ਆਦਿ ਹਾਜ਼ਰ ਸਨ।
ਫ਼ੋਟੋ: -1


