

_ਧਨੌਲਾ ਨਗਰ ਕੌਂਸਲ ਚੋਣਾਂ: ਵਾਰਡ ਨੰਬਰ 03 ’ਚ ਦਿਲਚਸਪ ਮੁਕਾਬਲਾ
_2 ਪੱਤਰਕਾਰ, 1 ਮੌਜੂਦਾ ਸਰਕਾਰ — ਤਿੰਨੇ ਹੀ ਮਜ਼ਬੂਤ ਦਾਅਵੇਦਾਰ
ਧਨੌਲਾ, (ਹਿਮਾਂਸ਼ੂ ਗੋਇਲ)- ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ 03 ਦੀ ਚੋਣ ਇਸ ਵਾਰ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਾਰਡ ਵਿੱਚ ਦੋ ਪੱਤਰਕਾਰਾਂ ਅਤੇ ਇੱਕ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਵਿਚਕਾਰ ਹੋ ਰਹੀ ਟੱਕਰ ਨੇ ਚੋਣ ਮੈਦਾਨ ਨੂੰ ਹੋਰ ਵੀ ਰੋਚਕ ਬਣਾ ਦਿੱਤਾ ਹੈ। ਤਿੰਨੇ ਹੀ ਉਮੀਦਵਾਰ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਅਤੇ ਵਾਰਡ ਵਾਸੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ।
ਭਾਜਪਾ ਵੱਲੋਂ ਜਮਾਲ ਦੀਨ ਉਰਫ਼ ਬਬਲੀ ਕਮਲ ਦੇ ਫੁੱਲ ਚੋਣ ਨਿਸ਼ਾਨ ’ਤੇ ਮੈਦਾਨ ਵਿੱਚ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿੱਲੂ ਖਾਨ ਝਾੜੂ ਚੋਣ ਨਿਸ਼ਾਨ ਨਾਲ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਹਰਦੀਪ ਸਿੰਘ ਬੱਗੀ ਜੀਪ ਚੋਣ ਨਿਸ਼ਾਨ ਨਾਲ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾ ਰਹੇ ਹਨ।
ਖਾਸ ਗੱਲ ਇਹ ਹੈ ਕਿ ਵਾਰਡ ਨੰਬਰ 03 ਦੀ ਚੋਣ ਵਿੱਚ ਦੋ ਉਮੀਦਵਾਰ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਹਨ, ਜਿਸ ਕਾਰਨ ਇਹ ਚੋਣ ਲੋਕਾਂ ਵਿੱਚ ਹੋਰ ਵੀ ਚਰਚਾ ਦਾ ਕੇਂਦਰ ਬਣ ਗਈ ਹੈ। ਉਧਰ ਦਵਿੰਦਰ ਸਿੰਘ ਵੱਲੋਂ ਆਪਣੀ ਨਾਮਜ਼ਦਗੀ ਵਾਪਸ ਲੈ ਕੇ ਬਿੱਲੂ ਖਾਨ ਨੂੰ ਸਮਰਥਨ ਦੇ ਦਿੱਤਾ ਗਿਆ ਹੈ, ਜਿਸ ਨਾਲ ਚੋਣ ਸਮੀਕਰਨਾਂ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
ਚੋਣ ਪ੍ਰਚਾਰ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਉਮੀਦਵਾਰ ਘਰ-ਘਰ ਜਾ ਕੇ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਵਾਰਡ ਵਿੱਚ ਹਰ ਪਾਸੇ ਚੋਣੀ ਚਰਚਾਵਾਂ ਅਤੇ ਮੀਟਿੰਗਾਂ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵਾਰਡ ਨੰਬਰ 03 ਦੀ ਜਨਤਾ ਕਿਸ ਉਮੀਦਵਾਰ ਦੇ ਹੱਕ ਵਿੱਚ ਆਪਣਾ ਫੈਸਲਾ ਸੁਣਾਉਂਦੀ ਹੈ।


