

ਜੀ ਹੋਲੀ ਹਾਰਟ ਵੱਲੋਂ 19 ਅਪ੍ਰੈਲ ਨੂੰ ਵਿਸ਼ਾਲ ਮੈਰਾਥਨ ਅਤੇ ਸਾਈਕਲਿੰਗ ਈਵੈਂਟ
ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਦੀ ਅਗਵਾਈ ਹੇਠ ਸਮਾਗਮ ਦੀਆਂ ਤਿਆਰੀਆਂ ਮੁਕੰਮਲ
ਮਹਿਲ ਕਲਾਂ,(ਹਿਮਾਂਸ਼ੂ ਗੋਇਲ)
ਖੇਡਾਂ ਅਤੇ ਤੰਦਰੁਸਤ ਜੀਵਨ ਸ਼ੈਲੀ ਨੂੰ ਪ੍ਰੋਤਸਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਜੀ. ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਵੱਲੋਂ ਸੀ . ਟੀ.ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਨਾਲ 19 ਅਪ੍ਰੈਲ 2026 ਨੂੰ ਇੱਕ ਵਿਸ਼ਾਲ ਮੈਰਾਥਨ ਅਤੇ ਸਾਈਕਲਿੰਗ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਪੰਜਾਬ ਸਰਕਾਰ ਦੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ”ਦੇ ਬੈਨਰ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ।

ਸਕੂਲ ਪ੍ਰਿੰਸੀਪਲ ਮੈਡਮ ਗਤਿਕਾ ਸਰਮਾ ਅਤੇ ਵਾਇਸ ਪ੍ਰਿੰਸੀਪਲ ਮੈਡਮ ਪਰਦੀਪ ਕੌਰ ਗਰੇਵਾਲ ਨੇ ਦੱਸਿਆ ਕਿ ਇਹ ਸਮਾਗਮ ਸਵੇਰੇ 5 ਵਜੇ ਮਹਿਲ ਕਲਾਂ ਬੱਸ ਸਟੈਂਡ ਤੋਂ ਸ਼ੁਰੂ ਹੋਵੇਗਾ ਅਤੇ ਵੱਖ-ਵੱਖ ਪਿੰਡਾਂ ਰਾਹੀਂ ਹੁੰਦਾ ਹੋਇਆ ਸਕੂਲ ਕੈਂਪਸ ਵਿੱਚ ਸਮਾਪਤ ਹੋਵੇਗਾ। ਸਾਈਕਲਿੰਗ ਰੂਟ ਮਹਿਲ ਖੁਰਦ ਅਤੇ ਸਹੌਰ ਰਾਹੀਂ ਹੋ ਕੇ ਵਾਪਸ ਸਕੂਲ ਤੱਕ ਆਵੇਗਾ, ਜਦਕਿ ਦੌੜ ਮੁਕਾਬਲਾ ਮਹਿਲ ਕਲਾਂ ਦੇ ਆਸ-ਪਾਸ ਦੇ ਖੇਤਰਾਂ ਵਿੱਚ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਇਲਾਕੇ ਦੇ ਵੱਖ-ਵੱਖ ਵਰਗਾਂ ਦੇ ਲੋਕਾਂ, ਵਿਦਿਆਰਥੀਆਂ ਅਤੇ ਸਮਾਜਿਕ ਸੰਸਥਾਵਾਂ ਦੀ ਭਰਪੂਰ ਭਾਗੀਦਾਰੀ ਦੀ ਉਮੀਦ ਹੈ, ਜੋ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵੱਲ ਇੱਕ ਮਜ਼ਬੂਤ ਸੰਦੇਸ਼ ਦੇਵੇਗੀ।
ਇਸ ਮੌਕੇ ਕਈ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵੀ ਰਹੇਗੀ, ਜਿਨ੍ਹਾਂ ਵਿੱਚ ਖਜਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ, ਸੰਸਦ ਮੈਂਬਰ ਮੀਤ ਹੇਅਰ, ਐਮ.ਐਲ.ਏ. ਕੁਲਵੰਤ ਪੰਡੋਰੀ, ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ, ਐਸ.ਐਸ.ਪੀ. ਸਰਫਰਾਜ ਆਲਮ, ਡੀ.ਐਸ.ਪੀ. ਜਸਪਾਲ ਸਿੰਘ, ਐਸ.ਡੀ.ਐਮ. ਮਹਿਲ ਕਲਾਂ ਕ੍ਰਿਤਿਕਾ ਗੋਇਲ (IAS) ਅਤੇ ਐਸ.ਡੀ.ਐਮ. ਤਪਾ ਆਯੁਸ਼ ਗੋਇਲ (IAS) ਸਮੇਤ ਹੋਰ ਮਾਣਯੋਗ ਹਸਤੀਆਂ ਸ਼ਾਮਲ ਹੋਣਗੀਆਂ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਦੀ ਅਗਵਾਈ ਹੇਠ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਇਹ ਉਪਰਾਲਾ ਨਾ ਸਿਰਫ਼ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰੇਗਾ, ਸਗੋਂ ਨੌਜਵਾਨਾਂ ਵਿੱਚ ਅਨੁਸ਼ਾਸਨ, ਏਕਤਾ ਅਤੇ ਸਕਾਰਾਤਮਕ ਸੋਚ ਨੂੰ ਵੀ ਮਜ਼ਬੂਤ ਕਰੇਗਾ। ਅਖੀਰ ਵਿੱਚ ਚੇਅਰਮੈਨ ਅਜੇ ਜਿੰਦਲ, ਡਾਇਰੈਕਟਰ ਰਾਕੇਸ਼ ਬਾਂਸਲ ਅਤੇ ਨਿਤਿਨ ਜਿੰਦਲ ਨੇ ਇਲਾਕਾ ਵਾਸੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਸਭ ਮਿਲ ਕੇ ਇਸ ਉਪਰਾਲੇ ਨੂੰ ਕਾਮਯਾਬ ਬਣਾਉਣ ਅਤੇ ਨਸ਼ਾ ਮੁਕਤ, ਤੰਦਰੁਸਤ ਸਮਾਜ ਦੀ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ।


