

ਪੰਜਾਬ ਪਬਲਿਕ ਸਕੂਲ ਵਿਖੇ ਵਿਸਾਖੀ ਮੌਕੇ ਡਰੈੱਸ ਤੇ ਦਸਤਾਰ ਮੁਕਾਬਲੇ ਕਰਵਾਏ
ਚੇਅਰਮੈਨ ਅਮਰਜੀਤ ਸਿੰਘ ਚੀਮਾ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ
ਬਰਨਾਲਾ, (ਹਿਮਾਂਸ਼ੂ ਗੋਇਲ)
ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਧਨੌਲਾ ਵਿਖੇ ਵਿਸਾਖੀ ਦੇ ਮੌਕੇ ‘ਤੇ ਡਰੈੱਸ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦਾ ਮਕਸਦ ਨੰਨੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨਾ ਅਤੇ ਉਨ੍ਹਾਂ ਵਿੱਚ ਪਰੰਪਰਾਵਾਂ ਪ੍ਰਤੀ ਰੁਚੀ ਪੈਦਾ ਕਰਨਾ ਸੀ।
ਇਸ ਪ੍ਰੋਗਰਾਮ ਵਿੱਚ ਐਲ.ਕੇ.ਜੀ. ਤੋਂ ਦੂਜੀ ਜਮਾਤ ਤੱਕ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਦੌਰਾਨ ਸਕੂਲ ਦਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਰੰਗਿਆ ਹੋਇਆ ਨਜ਼ਰ ਆਇਆ। ਬੱਚੇ ਰਵਾਇਤੀ ਪੰਜਾਬੀ ਪਹਿਰਾਵਿਆਂ ਜਿਵੇਂ ਕੁੜਤਾ-ਚਾਦਰਾ, ਤੂਰੇ ਵਾਲੀ ਪੱਗ, ਫੁਲਕਾਰੀ ਅਤੇ ਸੂਟ-ਸਲਵਾਰ ਵਿੱਚ ਸਜੇ ਹੋਏ ਸਨ ਅਤੇ ਬਹੁਤ ਸੁੰਦਰ ਲੱਗ ਰਹੇ ਸਨ।
ਮੰਚ ‘ਤੇ ਆ ਕੇ ਬੱਚਿਆਂ ਨੇ ਬੋਲੀਆਂ ਪਾਈਆਂ ਅਤੇ “ਜੱਟਾ ਆਈ ਵਿਸਾਖੀ” ਵਰਗੇ ਨਾਅਰਿਆਂ ਨਾਲ ਪੂਰੇ ਮਾਹੌਲ ਵਿੱਚ ਜੋਸ਼ ਭਰ ਦਿੱਤਾ। ਇਸ ਤੋਂ ਬਾਅਦ ਦਸਤਾਰ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ, ਜਿੱਥੇ ਸੋਹਣੀ ਅਤੇ ਘੱਟ ਸਮੇਂ ਵਿੱਚ ਦਸਤਾਰ ਬੰਨ੍ਹਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਤੇ ਚੇਅਰਮੈਨ ਅਮਰਜੀਤ ਸਿੰਘ ਚੀਮਾ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਵੀ ਬੱਚਿਆਂ ਨੂੰ ਇਸ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਹ ਪ੍ਰੋਗਰਾਮ ਬੱਚਿਆਂ ਵਿੱਚ ਪੰਜਾਬੀ ਸੱਭਿਆਚਾਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਹੱਤਵਪੂਰਨ ਸਾਬਤ ਹੋਇਆ।


