

ਕਿਸਾਨਾਂ ਦੇ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਵੇ ਮਾਨ ਸਰਕਾਰ: ਬੀਬੀ ਸੁਰਿੰਦਰ ਕੌਰ ਬਾਲੀਆਂ
ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਪਹੁੰਚਿਆ ਭਾਰੀ ਨੁਕਸਾਨ
ਬਰਨਾਲਾ, 11 ਅਪ੍ਰੈਲ (ਹਿਮਾਂਸ਼ੂ ਗੋਇਲ)
ਸੂਬੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਸਬੰਧੀ ਸੀਨੀਅਰ ਕਾਂਗਰਸੀ ਮਹਿਲਾ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਦੀ ਹਮਦਰਦ ਦੱਸਦੀ ਹੈ, ਪਰ ਇਸ ਮੁਸ਼ਕਲ ਵੇਲੇ ਕਿਸਾਨਾਂ ਨੂੰ ਅਸਲ ਮਦਦ ਦੀ ਲੋੜ ਹੈ। ਪਿਛਲੇ ਦਿਨਾਂ ਵਿੱਚ ਹੋਈ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਝਟਕਾ ਲੱਗਿਆ ਹੈ।
ਬਾਲੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੂੰ ਆਲੂ ਦੀ ਫਸਲ ਦਾ ਵਾਜਿਬ ਭਾਅ ਨਾ ਮਿਲਣ ਕਾਰਨ ਵੱਡਾ ਨੁਕਸਾਨ ਝੱਲਣਾ ਪਿਆ ਸੀ ਅਤੇ ਉਹਨਾਂ ਨੂੰ ਆਪਣੀ ਫਸਲ ਸੁੱਟਣ ਤੱਕ ਦੀ ਨੌਬਤ ਆ ਗਈ ਸੀ। ਹੁਣ ਮੁੜ ਹਾੜੀ ਦੀ ਫਸਲ ਦੇ ਨੁਕਸਾਨ ਨੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ।
ਉਹਨਾਂ ਕਿਹਾ ਕਿ ਹੜ੍ਹਾਂ ਦੀ ਮਾਰ ਤੋਂ ਸੰਭਲਣ ਤੋਂ ਪਹਿਲਾਂ ਹੀ ਗੜੇਮਾਰੀ ਨੇ ਕਿਸਾਨਾਂ ਨੂੰ ਹੋਰ ਵੱਡੀ ਮੁਸੀਬਤ ਵਿੱਚ ਧੱਕ ਦਿੱਤਾ ਹੈ। ਇਸ ਲਈ ਸਰਕਾਰ ਨੂੰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣਾ ਚਾਹੀਦਾ ਹੈ।
ਉਹਨਾਂ ਸੱਤਾਧਾਰੀ ਆਗੂਆਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਕਿਸਾਨਾਂ ਦੀ ਬਾਂਹ ਫੜਨ ਦੀ ਲੋੜ ਹੈ। ਉਹਨਾਂ ਕਿਹਾ ਕਿ ਜਦੋਂ ਵੀ ਕਿਸਾਨਾਂ ਉੱਤੇ ਮੁਸੀਬਤ ਆਈ ਹੈ, ਕਾਂਗਰਸ ਪਾਰਟੀ ਨੇ ਹਮੇਸ਼ਾਂ ਉਹਨਾਂ ਦਾ ਸਾਥ ਦਿੱਤਾ ਹੈ। ਬਾਲੀਆਂ ਨੇ ਕਿਹਾ ਕਿ ਇਸ ਨੁਕਸਾਨ ਨਾਲ ਨਾ ਸਿਰਫ ਕਿਸਾਨ, ਸਗੋਂ ਮਜ਼ਦੂਰ ਵਰਗ ਵੀ ਪ੍ਰਭਾਵਿਤ ਹੋਇਆ ਹੈ। ਜੇਕਰ ਸਰਕਾਰ ਨੇ ਸਮੇਂ ਸਿਰ ਮੁਆਵਜ਼ਾ ਨਾ ਦਿੱਤਾ ਤਾਂ ਕਿਸਾਨ ਭਾਰੀ ਆਰਥਿਕ ਬੋਝ ਹੇਠ ਦੱਬ ਜਾਣਗੇ।
ਅੰਤ ਵਿੱਚ ਉਹਨਾਂ ਕਿਹਾ ਕਿ ਜਦ ਤੱਕ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਦਾ, ਉਹ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ।


