

ਇੰਦਰਾ ਭਵਨ, ਦਿੱਲੀ ਵਿਖੇ ਐਸਸੀ ਲੀਡਰਾਂ ਨਾਲ਼ ਰਾਹੁਲ ਗਾਂਧੀ ਦੀ ਵਿਸ਼ੇਸ਼ ਮੀਟਿੰਗ
ਦੇਸ਼ ਦੇ 14 ਸੂਬਿਆਂ ਦੇ ਚੇਅਰਮੈਨਾਂ ਦੀ ਭਰਪੂਰ ਸ਼ਮੂਲੀਅਤ
ਕਾਂਗਰਸ ਐਸ.ਸੀ. ਡਿਪਾਰਟਮੈਂਟ ਜ਼ਿਲ੍ਹਾ ਬਰਨਾਲਾ ਦੇ ਚੇਅਰਮੈਨ ਜਸਮੇਲ ਸਿੰਘ ਡੇਅਰੀਵਾਲਾ ਨੇ ਕੀਤੀ ਸ਼ਮੂਲੀਅਤ
ਬਰਨਾਲਾ, 9 ਅਪ੍ਰੈਲ (ਹਿਮਾਂਸ਼ੂ ਗੋਇਲ)
ਐਸਸੀ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਦਿੱਲੀ ਦੇ ਇੰਦਰਾ ਭਵਨ ਵਿਖੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵੱਲੋਂ ਦੇਸ਼ ਦੇ 14 ਸੂਬਿਆਂ ਦੇ ਐਸਸੀ ਵਿਭਾਗ ਦੇ ਸੂਬਾ ਅਤੇ ਜ਼ਿਲ੍ਹਾ ਚੇਅਰਮੈਨਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੀ, ਜਿਸ ਦੌਰਾਨ ਐਸਸੀ ਵਰਗ ਨਾਲ ਜੁੜੇ ਅਹਿਮ ਮਸਲਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਐਸ.ਸੀ. ਡਿਪਾਰਟਮੈਂਟ ਜ਼ਿਲ੍ਹਾ ਬਰਨਾਲਾ ਦੇ ਚੇਅਰਮੈਨ ਜਸਮੇਲ ਸਿੰਘ ਡੈਰੀਵਾਲਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕੇਵਲ ਐਸਸੀ ਵਰਗ ਦੇ ਲੀਡਰਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਸੀ, ਤਾਂ ਜੋ ਭਾਈਚਾਰੇ ਨਾਲ ਜੁੜੇ ਮੁੱਦਿਆਂ ‘ਤੇ ਕੇਂਦਰਿਤ ਚਰਚਾ ਹੋ ਸਕੇ।ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਐਸਸੀ ਵਰਗ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦ੍ਰਿੜਤਾ ਨਾਲ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਐਸਸੀ ਭਾਈਚਾਰੇ ਦੇ ਨਾਲ ਚਟਾਨ ਵਾਂਗ ਖੜੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਵਚਨਬੱਧ ਰਹੇਗੀ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਲੰਬੀ ਮੀਟਿੰਗ ਦੌਰਾਨ ਐਸਸੀ ਭਾਈਚਾਰੇ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਗਈ ਅਤੇ ਭਵਿੱਖ ਲਈ ਕਾਰਗਰ ਯੋਜਨਾਵਾਂ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਰਾਹੁਲ ਗਾਂਧੀ ਨੇ ਮੌਜੂਦ ਲੀਡਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਐਸਸੀ ਵਰਗ ਦੇ ਹੱਕਾਂ ਲਈ ਸਰਗਰਮ ਭੂਮਿਕਾ ਨਿਭਾਉਣ ਅਤੇ ਜਿੱਥੇ ਵੀ ਉਨ੍ਹਾਂ ਨਾਲ ਅਨਿਆਂ ਹੋਵੇ, ਉੱਥੇ ਮਜ਼ਬੂਤੀ ਨਾਲ ਖੜ੍ਹੇ ਹੋਣ।
ਉਨ੍ਹਾਂ ਨੇ ਕਿਹਾ ਕਿ ਐਸਸੀ ਵਰਗ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਨਾਲ ਖੜਾ ਰਿਹਾ ਹੈ ਅਤੇ ਅੱਗੇ ਵੀ ਇਹ ਸਾਥ ਜਾਰੀ ਰਹੇਗਾ। ਕਾਂਗਰਸ ਪਾਰਟੀ ਹਰ ਵਿਅਕਤੀ ਨੂੰ ਉਸਦਾ ਬਣਦਾ ਮਾਣ-ਸਨਮਾਨ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮੌਕੇ ਪੰਜਾਬ ਦੀ ਤਰਫੋਂ ਕਾਂਗਰਸ ਐਸਸੀ ਡਿਪਾਰਟਮੈਂਟ ਦੇ ਸੂਬਾ ਚੇਅਰਮੈਨ ਕੁਲਦੀਪ ਸਿੰਘ ਵੈਦ ਸਮੇਤ ਹੋਰ ਕਈ ਪ੍ਰਮੁੱਖ ਆਗੂ ਵੀ ਮੌਜੂਦ ਸਨ।


