

ਨਗਰ ਨਿਗਮ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਕੱਢੇ ਨੋਟਿਸ
— ਦੁਕਾਨਦਾਰ ਆਪਣੀ ਦੁਕਾਨ ਦੀ ਹੱਦ ਵਿੱਚ ਹੀ ਰੱਖਣ ਸਮਾਨ- ਅਧਿਕਾਰੀ
ਬਰਨਾਲਾ, 23 ਦਸੰਬਰ (ਹਿਮਾਂਸ਼ੂ ਗੋਇਲ) ਨਗਰ ਨਿਗਮ ਬਣਦਿਆਂ ਹੀ ਅਧਿਕਾਰੀਆਂ ਦਾ ਰੁਖ ਵੀ ਸਖ਼ਤ ਨਜ਼ਰ ਆਉਣ ਲੱਗਾ ਹੈ। ਜਿੰਨ੍ਹਾਂ ਵੱਲੋਂ ਮੰਗਲਵਾਰ ਨੂੂੰ ਪੁਲਿਸ ਦੇ ਨਾਲ ਦੁਕਾਨਦਾਰਾਂ ਨੂੰ ਉਨ੍ਹਾਂ ਦੀਆਂ ਦੁਕਾਨਾਂ ’ਤੇ ਪਹੁੰਚ ਕੇ ਕਾਰਵਾਈ ਤੋਂ ਬਚਣ ਲਈ ਸੁਚੇਤ ਕੀਤਾ।
ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਦੁੁਕਾਨਦਾਰਾਂ ਨੂੰ ਨੋਟਿਸ ਕੱਢੇ ਗਏ ਹਨ। ਜਿਸ ਦੇ ਤਹਿਤ ਹਫ਼ਤੇ ਬਾਅਦ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਸਮਾਨ ਨਹੀਂ ਰੱਖ ਸਕੇਗਾ। ਜੇਕਰ ਕੋਈ ਵੀ ਅਜਿਹਾ ਕਰੇਗਾ। ਤਾਂ ਉਸ ਨੂੰ ਨਗਰ ਨਿਗਮ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਸੰਪਰਕ ਕੀਤੇ ਜਾਣ ’ਤੇ ਨਗਰ ਨਿਗਮ ਦੇ ਸਹਾਇਕ ਜੂਨੀਅਰ ਗੁਰਮੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਟੀ. ਬੈਨਿਥ ਦੇ ਨਿਰਦੇਸਾਂ ਮੁਤਾਬਕ ਉਨ੍ਹਾਂ ਵੱਲੋਂ ਅੱਜ ਮੁੱਖ ਬਜ਼ਾਰ ਵਿੱਚ ਦੁਕਾਨਦਾਰਾਂ ਨੂੰ ਅਗਾਹ ਕੀਤਾ ਹੈ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਸਰਕਾਰੀ ਜਗ੍ਹਾ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਾਨ ਨਾ ਰੱਖਣ। ਕਿਉਂਕਿ ਇਸ ਨਾਲ ਜਿੱਥੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਆਵਾਜਾਈ ਵਿੱਚ ਵੀ ਅੜਿੱਕਾ ਪੈਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਮੰਗਲਵਾਰ ਨੂੰ 121 ਦੁਕਾਨਦਾਰਾਂ ਨੂੰ ਨੋਟਿਸ ਕੱਢੇ ਗਏ ਹਨ। ਜਿਸ ਵਿੱਚ ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੇ ਬਾਹਰ ਕਿਸੇ ਵੀ ਤਰ੍ਹਾਂ ਦਾ ਸਮਾਨ ਨਾ ਰੱਖਣ ਲਈ ਕਿਹਾ ਗਿਆ ਹੈ। ਜੇਕਰ ਨੋਟਿਸਾਂ ਤੋਂ ਬਾਅਦ ਵੀ ਕੋਈ ਦੁਕਾਨਦਾਰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਾਰਵਾਈ ਤੋਂ ਬਚਣ ਲਈ ਦੁਕਾਨਦਾਰਾਂ ਨੂੰ ਆਪਣੀ ਦੁਕਾਨ ਦੀ ਹਦੂਦ ਤੋਂ ਬਾਹਰ ਸਮਾਨ ਰੱਖਣ ਤੋਂ ਗੁਰੇਜ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਏਐੱਸਆਈ ਦੀਵਾਨ ਸਿੰਘ, ਏਐੱਸਆਈ ਸੁਖਦੇਵ ਸਿੰਘ ਤੇ ਨਗਰ ਨਿਗਮ ਦੇ ਕਰਮਚਾਰੀ ਵੀ ਹਾਜ਼ਰ ਸਨ।


